13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਿਧਾਨ ਸਭਾ ਹਲਕਾ ਦੱਖਣੀ ਦੀਆਂ ਸੜਕਾਂ ’ਤੇ ਘੁੰਮਦੇ ਅਵਾਰਾ ਸਾਨ੍ਹ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 21-07-2026
ਢੰਡਾਰੀ ਕਲਾਂ/ਲੁਧਿਆਣਾ, 20 ਜੁਲਾਈ (ਜਸਵੀਰ ਸਿੰਘ ਬੰਗਾ)-ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ‘ਚ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ, ਜਿਸ ਨੂੰ ਲੈ ਕੇ ਜਿੱਥੇ ਹਲਕੇ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਰਾਹਗੀਰਾਂ ਲਈ ਇਹ ਇਕ ਵੱਡੀ ਸਮੱਸਿਆ ਹੈ, ਕਿਉਂਕਿ ਅਕਸਰ ਹੀ ਸਾਨ੍ਹ ਆਪਸ ਵਿਚ ਭਿੜਦੇ ਰਹਿੰਦੇ ਹਨ, ਜੋ ਇਕਦਮ ਸੜਕ ’ਤੇ ਵਿਚਕਾਰ ਆ ਜਾਣ ਕਾਰਨ ਹਾਦਸੇ ਵਾਪਰ ਜਾਂਦੇ ਹਨ। ਇਸ ਤੋਂ ਇਲਾਵਾ ਸਾਨ੍ਹ ਸੜਕਾਂ ’ਤੇ ਝੁੰਡ ਬਣਾ ਕੇ ਘੁੰਮਦੇ ਹਨ, ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਜੇਕਰ ਸ਼ੇਰਪੁਰ, ਢੰਡਾਰੀ ਕਲਾਂ, ਗਿਆਸਪੁਰਾ, ਕੰਗਣਵਾਲ, ਜਸਪਾਲ ਬਾਂਗਰ, ਈਸਟਮੈਨ ਚੌਂਕ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਤੇ ਘੁੰਮਣ ਤੋਂ ਇਲਾਵਾ ਇਹ ਆਵਾਰਾ ਸਾਨ੍ਹ ਸੜਕਾਂ ਦੇ ਵਿਚਕਾਰ ਹੀ ਝੁੰਡ ਬਣਾ ਕੇ ਬੈਠ ਜਾਂਦੇ ਹਨ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ। ਇਹ ਆਵਾਰਾ ਸਾਨ੍ਹ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਅੰਦਰੂਨੀ ਇਲਾਕਿਆਂ ਵਿਚ ਵੀ ਲੋਕਾਂ ਦਾ ਕਾਫ਼ੀ ਨੁਕਸਾਨ ਕਰ ਦਿੰਦੇ ਹਨ। ਆਸਪਾਸ ਇਲਾਕਿਆਂ ਦੇ ਅੰਦਰ ਦਾਖ਼ਲ ਹੋ ਕੇ ਇਹ ਆਵਾਰਾ ਸਾਨ੍ਹ ਲੋਕਾਂ ਦੇ ਘਰਾਂ/ਫ਼ੈਕਟਰੀਆਂ ਦੇ ਬਾਹਰ ਲੱਗੇ ਗਮਲਿਆਂ ਦਾ ਵੀ ਨੁਕਸਾਨ ਕਰ ਦਿੰਦੇ ਹਨ। ਕਈ ਵਾਰ ਸੜਕਾਂ ਤੇ ਆਵਾਰਾ ਸਾਨ੍ਹ ਭੂਸਰ ਕੇ ਲੜ ਪੈਂਦੇ ਹਨ ਅਤੇ ਸੜਕਾਂ ‘ਤੇ ਖੜ੍ਹੇ ਵਾਹਨਾਂ ਦਾ ਵੀ ਨੁਕਸਾਨ ਕਰ ਦਿੰਦੇ ਹਨ। ਘਰੇਲੂ ਇਲਾਕਿਆਂ ਵਿਚ ਇਨ੍ਹਾਂ ਆਵਾਰਾ ਸਾਨ੍ਹਾਂ ਦੀ ਇੰਨੀ ਦਹਿਸ਼ਤ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਵੀ ਗਲੀ ‘ਚ ਖੇਡਣ ਲਈ ਬਾਹਰ ਨਹੀਂ ਕੱਢਦੇ। ਸਵੇਰੇ-ਸ਼ਾਮ ਸੈਰ ਕਰਨ ਵਾਲਿਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਕਈ ਵਾਰ ਸੈਰ ਕਰ ਰਹੀਆਂ ਔਰਤਾਂ ਉਪਰ ਇਨ੍ਹਾਂ ਆਵਾਰਾ ਸਾਨ੍ਹਾਂ ਵਲੋਂ ਹਮਲੇ ਵੀ ਕੀਤੇ ਜਾ ਚੁੱਕੇ ਹਨ। ਗਿਆਸਪੁਰਾ ਸਥਿਤ ਕਾਰੋਬਾਰ ਕਰ ਰਹੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਕਾਊ ਸੈਸ ਦੇ ਨਾਮ ‘ਤੇ ਕਰੋੜਾਂ ਰੁਪਏ ਤਾਂ ਇਕੱਠੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਇਹ ਆਵਾਰਾ ਸਾਨ੍ਹ ਲੋਕਾਂ ਦੇ ਜਾਨ ਮਾਲ ਦਾ ਵੀ ਨੁਕਸਾਨ ਕਰ ਜਾਂਦੇ ਹਨ, ਜਿਨ੍ਹਾਂ ਦੀ ਸੰਭਾਲ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਪਿਛਲੀ ਖ਼ਬਰ ਬਿਜਲੀ ਮੰਤਰੀ ਵਲੋਂ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ ਨੂੰ ਸੁਰੱਖਿਆ ਟੂਲ ਕਿੱਟਾਂ ਵੰਡੀਆਂ ਅਗਲੀ ਖ਼ਬਰ ਦਵਿੰਦਰ ਸ਼ੇਰਪੁਰੀ ਨੂੰ ਚੇਅਰਮੈਨ ਬਣਨ ’ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।