ਲਧਿਆਣਾ, 26 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਮੈਰਿਜ ਪੈਲੇਸ ਵਿਚ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਬਲਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਧਾਂਦਰਾ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸੰਬੰਧੀ ਪੁਲਿਸ ਨੇ ਜੱਗਪ੍ਰੀਤ ਸਿੰਘ ਵਾਸੀ ਸਰਪੰਚ ਕਲੋਨੀ, ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਪਿੰਡ ਮਾਣਕਵਾਲ ਅਤੇ ਵਿਕਰਮਜੀਤ ਸਿੰਘ ਉਰਫ ਬੋਬੀ ਵਾਸੀ ਧਾਂਦਰਾ ਰੋਡ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਪਿੰਡ ਦਾ ਚੌਂਕੀਦਾਰ ਹੈ ਅਤੇ ਪਿੰਡ ਵਿਚ ਸਰਕਾਰ ਵਲੋਂ ਸ਼ਾਮਾਂ ਪ੍ਰਸ਼ਾਦ ਮੁਕਰਜੀ ਸਕੀਮ ਅਧੀਨ ਇਕ ਪੰਚਾਇਤੀ ਮੈਰਿਜ ਪੈਲੇਸ ਬਣਾਇਆ ਹੋਇਆ, ਜਿਸ ਦੀ ਦੇਖਭਾਲ ਉਹ ਕਰਦਾ ਹੈ। ਬੀਤੇ ਦਿਨ ਜਦੋਂ ਉਹ ਮੈਰਿਜ ਪੈਲੇਸ ਵਿਚ ਗਿਆ ਤਾਂ ਉਥੋਂ ਸਮਾਨ ਚੋਰੀ ਹੋ ਚੁੱਕਾ ਸੀ। ਸਮਾਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਜਿਸ ’ਤੇ ਸ਼ਿਕਾਇਤ ਕਰਤਾ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।