ਲੁਧਿਆਣਾ, 27 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਧੋਖਾਧੜੀ ਅਤੇ ਜਾਅਲਸਾਜੀ ਦੇ ਵੱਖ-ਵੱਖ ਮਾਮਲਿਆਂ ਵਿਚ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਇੰਦਰਜੀਤ ਸਿੰਘ ਵਾਸੀ ਓਮੈਕਸ ਦੀ ਸ਼ਿਕਾਇਤ ‘ਤੇ ਸਿਫ਼ਤ ਸਿੰਘ ਪੁੱਤਰ ਲਖਵਿੰਦਰ ਸਿੰਘ ਉਸਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਮਹਿਤਾਬ ਸਿੰਘ ਅਤੇ ਸਿਫ਼ਤ ਸਿੰਘ ਦੀ ਮਾਤਾ ਹਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸ ਨੂੰ ਵਪਾਰ ਵਿਚ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਉਸ ਪਾਸੋਂ 19 ਲੱਖ, 96 ਹਜ਼ਾਰ ਦੀ ਨਗਦੀ ਲੈ ਲਈ, ਪਰ ਨਾ ਤਾਂ ਕਥਿਤ ਦੋਸ਼ੀਆਂ ਨੇ ਉਸਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਮੁਨਾਫ਼ਾ ਦਿੱਤਾ, ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਦੂਜੇ ਮਾਮਲੇ ਵਿਚ ਪੁਲਿਸ ਨੇ ਅਸ਼ੀਸ਼ ਪਾਲ ਵਾਸੀ ਮਾਡਲ ਗ੍ਰਾਮ ਦੀ ਸ਼ਿਕਾਇਤ ‘ਤੇ ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਮਾਲਕ ਰਾਜਾ ਅਲਾਇਜ਼ ਕਾਸਟਿੰਗ, ਦਸ਼ਮੇਸ਼ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਉਸ ਪਾਸੋਂ ਸਕਰੈਪ ਦਾ ਸਾਮਾਨ ਖ਼ਰੀਦ ਕੀਤਾ ਸੀ, ਪਰ ਇਸ ਬਦਲੇ ਕਥਿਤ ਦੋਸ਼ੀ ਵਲੋਂ ਉਸਦੀ ਬਨਦੀ ਰਕਮ 7 ਲੱਖ, 52 ਹਜ਼ਾਰ ਅਦਾ ਨਹੀਂ ਕੀਤੀ ਗਈ, ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਤੀਜੇ ਮਾਮਲੇ ਵਿਚ ਪੁਲਿਸ ਨੇ ਅਜੀਤ ਸਿੰਘ ਵਾਸੀ ਓਮੈਕਸ ਦੀ ਸ਼ਿਕਾਇਤ ‘ਤੇ ਵਿਪਨ ਕੁਮਾਰ ਪੁੱਤਰ ਰਾਮ ਲੁਵਾਇਆ ਬੱਬੂ ਪੁੱਤਰ ਵਿਪਨ ਕੁਮਾਰ ਅਤੇ ਸੇਠੀ ਲਾਲ ਅਤੇ ਪ੍ਰਾਪਰਟੀ ਡੀਲਰ ਹੀਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਪਾਸੋਂ ਉਸਨੇ ਇਕ ਪਲਾਟ ਖ਼ਰੀਦ ਕੀਤਾ ਸੀ ਅਤੇ ਇਸ ਬਦਲੇ ਉਸਨੇ 18 ਲੱਖ, 5 ਹਜ਼ਾਰ ਰੁਪਏ ਦੀ ਰਕਮ ਵਿਚੋਂ 10 ਲੱਖ ਰੁਪਏ ਉਨ੍ਹਾਂ ਨੂੰ ਅਦਾ ਕਰ ਦਿੱਤੇ ਸਨ, ਪਰ ਕਥਿਤ ਦੋਸ਼ੀਆਂ ਨੇ ਉਸ ਦੇ ਨਾਮ ‘ਤੇ ਰਜਿਸਟਰੀ ਨਹੀਂ ਕਰਵਾਈ। ਪੁਲਿਸ ਵਲੋਂ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਚੌਥੇ ਮਾਮਲੇ ਵਿਚ ਪੁਲਿਸ ਨੇ ਪ੍ਰਨੀਤ ਸਿੰਘ ਵਾਸੀ ਪੰਚਕੂਲਾ ਦੀ ਸ਼ਿਕਾਇਤ ‘ਤੇ ਲਕਸ਼ੇ ਖੇੜਾ ਉਸਦੇ ਪਿਓ ਅਨਿਲ ਖੇੜਾ ਅਤੇ ਸਿੰਮੀ ਖੇੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਪਾਸੋਂ 12 ਲੱਖ, 70 ਹਜ਼ਾਰ ਰੁਪਏ ਉਧਾਰ ਲਏ ਸਨ। ਬਾਅਦ ਵਿਚ ਇਹ ਕਥਿਤ ਦੋਸ਼ੀ ਉਸਦੇ ਪੈਸੇ ਵਾਪਸ ਕਰਨ ਤੋਂ ਮੁੱਕਰ ਗਏ, ਜਿਸ ‘ਤੇ ਸ਼ਿਕਾਇਤਕਰਤਾ ਨੇ ਪੁਲਿਸ ਪਾਸ ਕੇਸ ਦਰਜ ਕਰਵਾ ਦਿੱਤਾ। ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਕਰਮਜੀਤ ਸਿੰਘ ਵਾਸੀ ਸਾਊਥ ਸਿਟੀ ਰੋਡ ਦੀ ਸ਼ਿਕਾਇਤ ‘ਤੇ ਅੰਮ੍ਰਿਤਸਰ ਦੇ ਕਾਰੋਬਾਰੀ ਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਸਨੇ ਆਪਣੀ ਫ਼ੈਕਟਰੀ ਵਿਚ ਫਾਇਰ ਲਾਈਟਿੰਗ ਸਿਸਟਮ ਲਗਵਾਇਆ ਸੀ, ਪਰ ਅਤੇ ਦੋਸ਼ੀ ਵਲੋਂ ਇਸ ਲਈ ਉਸ ਪਾਸੋਂ ਇਕ ਲੱਖ, 9 ਹਜ਼ਾਰ ਰੁਪਏ ਵੱਧ ਲੈ ਲਏ ਜਦ ਕਿ ਸਾਮਾਨ ਘੱਟ ਲਗਾਇਆ ਗਿਆ, ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਨੇ ਕੇਸ ਦਰਜ ਕਰ ਲਿਆ। ਪੁਲਿਸ ਵਲੋਂ ਨਾਮਜ਼ਦ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।