ਢੰਡਾਰੀ ਕਲਾਂ/ਲੁਧਿਆਣਾ, 30 ਜੁਲਾਈ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਦੀਆਂ ਸੜਕਾਂ ਦੇ ਹਾਲਾਤ ਬੇਹੱਦ ਹੀ ਤਰਸਯੋਗ ਬਣੇ ਹੋਏ ਹਨ, ਬੀਤੇ ਦਿਨੀਂ ਆਏ ਮੀਂਹ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ। ਹਲਕਾ ਦੱਖਣੀ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ, ਜਿਸ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਫ਼ੈਕਟਰੀਆਂ ਤੱਕ ਪਹੁੰਚਣ ਲਈ ਕਾਮਿਆਂ ਨੂੰ ਵੀ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪਿਆ। ਜੇਕਰ ਉਦਯੋਗਿਕ ਖੇਤਰ-ਸੀ ਅਧੀਨ ਆਉਂਦੇ ਇਲਾਕਿਆਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਸਨ। ਲਿੰਕ ਸੜਕਾਂ ‘ਤੇ ਪਏ ਵੱਡ-ਆਕਾਰੀ ਟੋਇਆਂ ‘ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਕਾਮੇ ਬੜੀ ਹੀ ਮੁਸ਼ਕਿਲ ਨਾਲ ਫ਼ੈਕਟਰੀਆਂ ਤੱਕ ਪਹੁੰਚੇ, ਉਥੇ ਹੀ ਫ਼ੈਕਟਰੀ ਮਾਲਕਾਂ ਨੂੰ ਵੀ ਆਪਣੇ ਉਦਯੋਗਾਂ ਤੱਕ ਪਹੁੰਚਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਈਸਟਮੈਨ ਚੌਕ, ਢੰਡਾਰੀ ਕਲਾਂ, ਸੂਆ ਰੋਡ, ਜਸਪਾਲ ਬਾਂਗਰ, ਗਿਆਸਪੁਰਾ ਸਮੇਤ ਉਦਯੋਗਿਕ ਖੇਤਰ-ਸੀ ਅਧੀਨ ਆਉਂਦੇ ਕਿਸੇ ਵੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਪਾਣੀ ਹੀ ਪਾਣੀ ਦਿੱਖ ਰਿਹਾ ਸੀ। ਇਕ ਪਾਸੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਸੜਕਾਂ ਪੁੱਟ ਕੇ ਨਵੀਆਂ ਬਣਾਈਆਂ ਜਾ ਰਹੀਆਂ ਹਨ, ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦੇ ਰੂਪ ਵਿਚ ਟੈਕਸ ਦੇਣ ਵਾਲਾ ਉਦਯੋਗਿਕ ਖੇਤਰ-ਸੀ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਜਾਪਦਾ ਨਜ਼ਰ ਆ ਰਿਹਾ ਹੈ, ਜਿਸ ਵੱਲ ਨਗਰ ਨਿਗਮ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਜਾ ਰਿਹਾ। ਕਈ ਇਲਾਕਿਆਂ ਵਿਚ ਤਾਂ ਸੀਵਰੇਜ ਦਾ ਗੰਦਾ ਪਾਣੀ ਬਰਸਾਤੀ ਪਾਣੀ ਨਾਲ ਮਿਕਸ ਹੋ ਕੇ ਗਲੀਆਂ-ਸੜਕਾਂ ‘ਤੇ ਘੁੰਮਦਾ ਦੇਖਿਆ। ਗਿਆਸਪੁਰਾ ਦੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਦੀ ਹਾਲਤ ਇੰਨੀ ਕੁ ਖਸਤਾ ਹੈ ਕਿ ਆਏ ਦਿਨ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਮੀਂਹ ਪੈਣ ਤੋਂ ਬਾਅਦ ਸਥਿਤੀ ਹੋਰ ਵੀ ਗੰਭੀਰ ਬਣ ਗਈ। ਕਈ ਵਾਹਨ ਚਾਲਕ ਸੜਕਾਂ ‘ਤੇ ਖੜ੍ਹੇ ਬਰਸਾਤੀ ਪਾਣੀ ਵਿਚ ਫਸੇ ਦਿਖਾਈ ਦਿੱਤੇ ਅਤੇ ਕਈ ਦੋਪਹੀਆ ਵਾਹਨ ਪਾਣੀ ਖੜ੍ਹਾ ਹੋਣ ਕਾਰਨ ਬੰਦ ਹੋ ਗਏ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਵਲੋਂ ਰੋੜ੍ਹ ਕੇ ਆਪਣੀ ਮੰਜ਼ਿਲ ਵੱਲ ਲਿਜਾਇਆ ਗਿਆ। ਮੀਂਹ ਕਾਰਨ ਸਕੂਲ/ਕਾਲਜ ਜਾਣ ਵਾਲੇ ਬੱਚਿਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਗਲੀਆਂ-ਮੁਹੱਲਿਆਂ ਵਿਚ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਵਿਦਿਆਰਥੀ ਬੜੀ ਹੀ ਮੁਸ਼ਕਿਲ ਸਕੂਲ ਤੱਕ ਪਹੁੰਚੇ।
ਮੀਂਹ ਕਾਰਨ ਹਲਕਾ ਦੱਖਣੀ ਅਧੀਨ ਆਉਂਦੇ ਇਲਾਕਿਆਂ ’ਚ ਖੜ੍ਹੇ ਪਾਣੀ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ
ਅਜੀਤ ਡੈਸਕ
31-07-2026