02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਥਾਈ ਰੁਜ਼ਗਾਰ ਦੀ ਸੁਰੱਖਿਆ ਲਈ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਕੀਤਾ ਜ਼ੋਨਲ ਪ੍ਰਦਰਸ਼ਨ

ਅਜੀਤ ਡੈਸਕ 31-07-2026
ਲੁਧਿਆਣਾ, 30 ਜੁਲਾਈ (ਜਸਵਿੰਦਰ ਸਿੰਘ)-1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਲੁਧਿਆਣਾ ਇਕਾਈ ਨੇ ਅੱਜ ਐੱਸ.ਸੀ.ਡੀ. ਸਰਕਾਰੀ ਕਾਲਜ ਦੇ ਗੇਟ ’ਤੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਉਚੇਰੀ ਸਿੱਖਿਆ ਨੂੰ ਬਚਾਉਣ ਹਿਤ 1158 ਭਰਤੀ ਤਹਿਤ ਨਿਯੁਕਤ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਵਿਧਾਨ ਸਭਾ ਵਿਚ ਵਿਸ਼ੇਸ਼ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ ਅਤੇ 4 ਅਗਸਤ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾਣ ਵਾਲੇ ਮਾਰਚ ਦੀ ਲਾਮਬੰਦੀ ਲਈ ਅੱਜ ਪੰਜਾਬ ਭਰ ਵਿਚ ਜ਼ੋਨਲ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰੋਫ਼ੈਸਰ ਪਰਮਜੀਤ ਸਿੰਘ ਨੇ ਦੱਸਿਆ ਕਿ 1158 ਭਰਤੀ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਰੁਜ਼ਗਾਰ ਸੁਰੱਖਿਅਤ ਕਰਨਾ ਸਿਰਫ਼ ਮੁਲਾਜ਼ਮਾਂ ਦਾ ਹੀ ਨਹੀਂ, ਸਗੋਂ ਪੰਜਾਬ ਦੀ ਉਚੇਰੀ ਸਿੱਖਿਆ ਦੇ ਭਵਿੱਖ ਦਾ ਵੀ ਸਵਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਵਿਚ ਵਿਸ਼ੇਸ਼ ਬਿੱਲ ਲਿਆ ਕੇ ਐਕਟ ਪਾਸ ਕਰਨਾ ਚਾਹੀਦਾ ਹੈ ਤਾਂ ਜੋ 1158 ਭਰਤੀ ਤਹਿਤ ਨਿਯੁਕਤ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਕਾਨੂੰਨੀ ਸੁਰੱਖਿਆ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਜਨਤਕ ਬਿਆਨ ਜਾਰੀ ਕਰਕੇ 1158 ਭਰਤੀ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਦਾ ਭਰੋਸਾ ਦੇਣ।ਪ੍ਰੋ. ਗੁਰਜੰਟ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵਲੋਂ ਮਿਤੀ 04 ਨਵੰਬਰ 2025 ਨੂੰ ਜਾਰੀ ਕੀਤਾ ਗਿਆ ਪੱਤਰ ਤੁਰੰਤ ਰੱਦ ਕਰਕੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਸਾਰੀਆਂ ਨਿਯਮਿਤ ਛੁੱਟੀਆਂ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਤੋਂ ਵਾਂਝਾ ਰੱਖਣਾ ਮੁਲਾਜ਼ਮਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਪ੍ਰੋ. ਜਸਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਘਰਾਂ ਤੋਂ ਦੂਰ-ਦੁਰਾਡੇ ਸਟੇਸ਼ਨਾਂ ’ਤੇ ਸੇਵਾਵਾਂ ਨਿਭਾ ਰਹੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਲਈ ਨਜ਼ਦੀਕੀ ਸਟੇਸ਼ਨਾਂ ’ਤੇ ਬਦਲੀ ਵਾਸਤੇ ਤੁਰੰਤ ਪੋਰਟਲ ਖੋਲ੍ਹਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਕੁੱਝ ਪ੍ਰਿੰਸੀਪਲਾਂ ਅਤੇ ਕਾਲਜ ਪ੍ਰਸ਼ਾਸਨਾਂ ਵਲੋਂ 1158 ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਵੀ ਤੁਰੰਤ ਨੱਥ ਪਾਈ ਜਾਵੇ। ਪ੍ਰੋ. ਅਸ਼ਮਣੀ ਸਿੰਗਲਾ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਇਨ੍ਹਾਂ ਜਾਇਜ਼ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 1158 ਫ਼ਰੰਟ ਆਪਣਾ ਜਥੇਬੰਦਕ ਸੰਘਰਸ਼ ਹੋਰ ਤਿੱਖਾ ਕਰੇਗਾ।
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਹੁਸ਼ਿਆਰਪੁਰ ’ਚ ਮਿਲਿਆ ਭਰਵਾਂ ਸਮਰਥਨ ਅਗਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਸਰਪੰਚ ਵਾਲ-ਵਾਲ ਬਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।