ਪਾਵਰਕਾਮ ਦੇ ਦਫ਼ਤਰ ਦੀ ਭੰਨਤੋੜ ਕਰਨ ਦੇ ਮਾਮਲੇ ਵਿਚ ਕੇਸ ਦਰਜ
ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਹੀਰਾ ਨਗਰ ਵਿਚ ਸਥਿਤ ਪਾਵਰ ਕਾਮ ਦੇ ਦਫ਼ਤਰ ਦੀ ਭੰਨਤੋੜ ਅਤੇ ਮੁਲਾਜ਼ਮਾਂ ਨਾਲ ਉਲਝਣ ਦੇ ਮਾਮਲੇ ਵਿਚ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਇਹ ਕਾਰਵਾਈ ਪਾਵਰ ਕਾਮ ਦੇ ਅਧਿਕਾਰੀ ਸਨਮੀਤ ਸਿੰਘ ਧਾਲੀਵਾਲ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਹੀਰਾ ਨਗਰ ਵਿਚ ਸਥਿਤ ਪਾਵਰ ਕਾਮ ਦੇ ਦਫ਼ਤਰ ਦੀ ਭੰਨਤੋੜ ਅਤੇ ਮੁਲਾਜ਼ਮਾਂ ਨਾਲ ਉਲਝਣ ਦੇ ਮਾਮਲੇ ਵਿਚ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਇਹ ਕਾਰਵਾਈ ਪਾਵਰ ਕਾਮ ਦੇ ਅਧਿਕਾਰੀ ਸਨਮੀਤ ਸਿੰਘ ਧਾਲੀਵਾਲ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਇਹਨਾਂ ਵਿਅਕਤੀਆਂ ਵਲੋਂ ਦਫ਼ਤਰ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਭੰਨਤੋੜ ਕੀਤੀ ਗਈ ਅਤੇ ਡਿਊਟੀ ’ਤੇ ਮੌਜੂਦ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਬੀਤੇ ਦਿਨ ਇਸ ਸਬੰਧੀ ਮੁਲਾਜ਼ਮ ਜਥੇਬੰਦੀਆਂ ਵਲੋਂ ਥਾਣਾ ਬਸਤੀ ਜੋਧੇਵਾਲ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਉਸ ਤੋਂ ਬਾਅਦ ਅਧਿਕਾਰੀਆਂ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਪੁਲਿਸ ਨੇ ਅਮਨਜੋਤ ਸਿੰਘ ਵਾਸੀ ਨਿਊ ਸਾਈਕਲ ਮਾਰਕੀਟ ਟੈਗੋਰ ਕਾਲੋਨੀ ਦੀ ਸ਼ਿਕਾਇਤ ’ਤੇ ਤਜਿੰਦਰ ਪਾਲ ਸਿੰਘ ਵਾਸੀ ਦੁਰਗਾਪੁਰੀ ਹੈਬੋਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ’ਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ 13 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੈਰੋਇਨ ਸਮੇਤ ਕਾਬੂ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਨੰਦਪੁਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 28 ਗ੍ਰਾਮ ਹੈਰੋਇਨ ਅਤੇ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸੀ। ਗਾਂਜਾ ਬਰਾਮਦ ਪੁਲਿਸ ਨੇ ਕਰਨ ਸ਼ਰਮਾ ਵਾਸੀ ਮੁੰਡੀਆਂ ਖ਼ੁਰਦ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 150 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਪੁਲੀਸ ਵਲੋਂ ਉਸ ਨੂੰ ਸਰਪੰਚ ਕਾਲੋਨੀ ਨੇੜਿਉਂ ਕਾਬੂ ਕੀਤਾ ਗਿਆ ਹੈ। ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।