ਲੁਟੇਰਿਆਂ ਵਲੋਂ ਕੀਤੇ ਜ਼ਹਿਰੀਲੇ ਸਪਰੇਅ ਕਾਰਨ ਡਰਾਈਵਰ ਦੀ ਮੌਤ
ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਸ਼ਿਵ ਚੌਕ ਵਿਚ ਲੁਟੇਰਿਆਂ ਵਲੋਂ ਟਰੱਕ ਡਰਾਈਵਰਾਂ ’ਤੇ ਕੀਤੇ ਜ਼ਹਿਰੀਲੇ ਸਪਰੇਅ ਕਾਰਨ ਇਕ ਡਰਾਈਵਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਡਰਾਈਵਰ ਦੀ ਸ਼ਨਾਖ਼ਤ ਪਵਨ ਕੁਮਾਰ ਉਰਫ ਮਿੱਠੂ ਪਾਸੀ ਟਰਾਂਸਪੋਰਟ ਨਗਰ ਵਜੋਂ ਕੀਤੀ ਗਈ ਹੈ।
ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਸ਼ਿਵ ਚੌਕ ਵਿਚ ਲੁਟੇਰਿਆਂ ਵਲੋਂ ਟਰੱਕ ਡਰਾਈਵਰਾਂ ’ਤੇ ਕੀਤੇ ਜ਼ਹਿਰੀਲੇ ਸਪਰੇਅ ਕਾਰਨ ਇਕ ਡਰਾਈਵਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਡਰਾਈਵਰ ਦੀ ਸ਼ਨਾਖ਼ਤ ਪਵਨ ਕੁਮਾਰ ਉਰਫ ਮਿੱਠੂ ਪਾਸੀ ਟਰਾਂਸਪੋਰਟ ਨਗਰ ਵਜੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਪਵਨ ਕੁਮਾਰ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਉਹ ਇੱਥੇ ਇਕ ਟਰਾਂਸਪੋਰਟ ਕੰਪਨੀ ਵਿਚ ਬਤੌਰ ਡਰਾਈਵਰ ਕੰਮ ਕਰਦਾ ਸੀ। ਪੁਲਿਸ ਵਲੋਂ ਇਸ ਮਾਮਲੇ ਵਿਚ ਮ੍ਰਿਤਕ ਦੇ ਸਾਥੀ ਡਰਾਈਵਰ ਡੀ.ਐਸ. ਟਰਾਂਸਪੋਰਟ ਟਰਾਂਸਪੋਰਟ ਨਗਰ ਦੇ ਗੁਰਪ੍ਰੀਤ ਸਿੰਘ ਉਰਫ ਜੇ.ਪੀ. ਵਾਸੀ ਗੁਰਦਾਸਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਡਰਾਈਵਰ ਪਵਨ ਕੁਮਾਰ ਆਪਣੇ ਆਪਣੇ ਟਰੱਕ ਲਗਾ ਕੇ ਆਰਾਮ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉਸ ਦੇ ਟਰੱਕ ਦਾ ਪੱਖਾ ਖ਼ਰਾਬ ਹੋ ਗਿਆ, ਜਿਸ ’ਤੇ ਉਹ ਪਵਨ ਕੁਮਾਰ ਦੇ ਟਰੱਕ ਵਿਚ ਜਾ ਕੇ ਆਰਾਮ ਕਰਨ ਲੱਗ ਪਿਆ। ਇਸ ਦੌਰਾਨ ਦੋ ਲੁਟੇਰੇ ਟਰੱਕ ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ। ਇਹਨਾਂ ਵਿਚੋਂ ਇਕ ਲੁਟੇਰਾ ਉਸ ਦਾ ਮੋਬਾਈਲ ਅਤੇ ਹੋਰ ਸਾਮਾਨ ਲੁੱਟਣ ਲੱਗਿਆ ਤਾਂ ਲੁਟੇਰਿਆਂ ਵਲੋਂ ਕੋਈ ਨਸ਼ੀਲੀ ਦਵਾਈ ਟਰੱਕ ਵਿਚ ਛਿੜਕੀ ਗਈ, ਜਿਸ ’ਤੇ ਪਵਨ ਕੁਮਾਰ ਬੇਹ ੋਸ਼ ਹੋ ਗਿਆ। ਗੰਭੀਰ ਹਾਲਤ ਵਿਚ ਪਵਨ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਹ ਦਮ ਤੋੜ ਗਿਆ। ਇਹਨਾਂ ਵਲੋਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ ਤੇ ਰੌਲਾ ਪਾਇਆ, ਜਿਸ ’ਤੇ ਇਹ ਲੁਟੇਰੇ ਉਥੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਨੇ ਲੁਟੇਰਿਆਂ ਦੇ ਸੁਰਾਗ ਲਈ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ। ਜਾਂਚ ਕਰ ਰਹੇ ਐਸ.ਐਚ.ਓ. ਮੋਤੀ ਨਗਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਪਵਨ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਪਵਨ ਕੁਮਾਰ ’ਤੇ ਜ਼ਿਆਦਾ ਜ਼ਹਿਰੀਲਾ ਸਪਰੇਅ ਕਰ ਦਿੱਤਾ ਸੀ, ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ।