ਲੁਧਿਆਣਾ, 16 ਅਗਸਤ (ਜਸਵਿੰਦਰ ਸਿੰਘ)-ਪੀ. ਏ. ਯੂ. ਦੇ ਖੇਤੀਬਾੜੀ ਕਾਲਜ ਦੇ ਵਿਹੜੇ ਵਿਚ ਦੇਸ਼ ਦਾ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਰਾਸ਼ਟਰੀ ਝੰਡੇ ਨੂੰ ਲਹਿਰਾ ਕੇ ਇਸ ਤੋਂ ਸਲਾਮੀ ਲੈਣ ਦੀ ਰਸਮ ਦੀ ਅਗਵਾਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ. ਏ. ਐਸ. ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨਾਲ ਸਮੂਹ ਉੱਚ ਅਧਿਕਾਰੀ, ਵੱਖ ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ। ਵਾਈਸ ਚਾਂਸਲਰ ਨੇ ਆਪਣੇ ਸੰਬੋਧਨ ਵਿਚ ਇਸ ਪਵਿੱਤਰ ਦਿਨ ਨੂੰ ਦੇਸ਼ ਦੇ ਉਨ੍ਹਾਂ ਮਹਾਨ ਸ਼ਹੀਦਾਂ, ਦੇਸ਼-ਭਗਤਾਂ ਤੇ ਯੋਧਿਆਂ ਦੀ ਕੁਰਬਾਨੀ ਅੱਗੇ ਨਤਮਸਤਕ ਹੋਣ ਦਾ ਮੌਕਾ ਕਿਹਾ, ਜਿਨ੍ਹਾਂ ਦੀਆਂ ਅਣਗਿਣਤ ਕੁਰਬਾਨੀਆਂ ਬਦੌਲਤ ਅੱਜ ਦੇਸ਼ ਆਜ਼ਾਦੀ ਦੀਆਂ ਬਰਕਤਾਂ ਮਾਣ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਵੀ ਸਲਾਮ ਕੀਤਾ, ਜਿਨ੍ਹਾਂ ਨੇ ਅਨਾਜ ਦੇ ਖੇਤਰ ਵਿਚ ਦੇਸ਼ ਨੂੰ ਆਤਮ-ਨਿਰਭਰ ਬਣਾਇਆ। ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੁਣ ਸਾਡਾ ਫ਼ਰਜ਼ ਹੈ। ਇਸ ਮੌਕੇ ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਤੇ ਆਜ਼ਾਦੀ ਦੀ ਅਸਲ ਭਾਵਨਾ ਬਰਕਰਾਰ ਰੱਖਣ ਲਈ ਅਪੀਲ ਕੀਤੀ। ਮੰਚ ਦਾ ਸੰਚਾਲਨ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਵਿਰਕ ਨੇ ਕੀਤਾ।