ਯੰਗ ਲੀਡਰਜ਼ ਸੰਮੇਲਨ ’ਚ ਚੰਨੀ, ਰੰਧਾਵਾ ਤੇ ਆਸ਼ੂ ਨੇ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣ ਦਾ ਦਿੱਤਾ ਸੱਦਾ
ਲੁਧਿਆਣਾ, 22 ਅਗਸਤ (ਜਤਿੰਦਰ ਭੰਬੀ)-ਇਨੀਸ਼ੀਏਟਰਜ਼ ਆਫ਼ ਚੇਂਜ ਵਲੋਂ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਦੋ ਰੋਜ਼ਾ ਯੰਗ ਲੀਡਰਜ਼ ਸੰਮੇਲਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ।
ਲੁਧਿਆਣਾ, 22 ਅਗਸਤ (ਜਤਿੰਦਰ ਭੰਬੀ)-ਇਨੀਸ਼ੀਏਟਰਜ਼ ਆਫ਼ ਚੇਂਜ ਵਲੋਂ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਦੋ ਰੋਜ਼ਾ ਯੰਗ ਲੀਡਰਜ਼ ਸੰਮੇਲਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ। ਸੰਮੇਲਨ ਦੀ ਸ਼ੁਰੂਆਤ ਅਨਮੋਲ ਕਵਾਤਰਾ ਦੇ ਪ੍ਰੇਰਣਾਦਾਇਕ ਸੰਬੋਧਨ ਨਾਲ ਕੀਤੀ ਗਈ। ਇਸ ਮੌਕੇ ਯਾਚਨਾ ਸਿੰਘ, ਫਲੋਰਲ ਦੀ ਵੰਸ਼ਿਕਾ ਮਿੱਤਲ, ਰੋਬੋ ਕੈਂਪਸ ਦੇ ਅਕਸ਼ੈ ਆਹੂਜਾ, ਸ਼ਰਮਣ ਜੈਨ ਸਵੀਟਸ ਦੇ ਬਿਪਿਨ ਜੈਨ ਅਤੇ ਨੀਲਿਬਰ ਦੇ ਸੋਨੂੰ ਨੀਲਿਬਰ ਸਮੇਤ ਪ੍ਰਮੁੱਖ ਉਦਯੋਗਪਤੀਆਂ ਅਤੇ ਬਿਜ਼ਨਸ ਲੀਡਰਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਕਲਾ ਅਤੇ ਕਵਿਤਾ ’ਤੇ ਆਧਾਰਿਤ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਨੌਜਵਾਨਾਂ ਨੂੰ ਆਪਣੀ ਰਚਨਾਤਮਕਤਾ, ਕਲਪਨਾ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮੌਕਾ ਮਿਲਿਆ। ਇਸ ਸੈਸ਼ਨ ਦੀ ਅਗਵਾਈ ਸਿਮਰਨਜੋਤ ਸਿੰਘ ਮੱਕੜ ਨੇ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਿੱਜੀ ਵਿਕਾਸ ਅਤੇ ਲੀਡਰਸ਼ਿਪ ਵਿਚ ਰਚਨਾਤਮਕਤਾ ਦੀ ਮਹੱਤਤਾ ਪ੍ਰਤੀ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਸਿੱਧ ਓਲੰਪੀਅਨ ਸਾਕਸ਼ੀ ਮਲਿਕ ਨੇ ਹਿੱਸਾ ਲਿਆ। ਸੰਮੇਲਨ ਵਿਚ ਵਿਚ ਸਿਆਸੀ ਅਤੇ ਜਨਤਕ ਲੀਡਰਸ਼ਿਪ ’ਤੇ ਵੀ ਮਹੱਤਵਪੂਰਨ ਪੈਨਲ ਚਰਚਾ ਹੋਈ, ਜਿਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਿੱਸਾ ਲਿਆ। ਇਸ ਦੌਰਾਨ ਨੌਜਵਾਨਾਂ ਨੂੰ ਤਜਰਬੇਕਾਰ ਸਿਆਸੀ ਆਗੂਆਂ ਨਾਲ ਸਿੱਧਾ ਸੰਵਾਦ ਕਰਨ ਅਤੇ ਲੀਡਰਸ਼ਿਪ, ਸ਼ਾਸਨ, ਜਨਸੇਵਾ, ਪੰਜਾਬ ਦੇ ਭਵਿੱਖ ਅਤੇ ਸਮਾਜ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਸਮਝਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣ ਦਾ ਸੱਦਾ ਦਿੰਦੇ ਹੋਇਆ ਆਖਿਆ ਕਿ ਨੌਜਵਾਨਾਂ ਨੂੰ ਵੱਧ ਚੜ ਕੇ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ।