16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਕਤਲ ਵਿਰੁੱਧ ਪੰਜਾਬ ਬੰਦ ਦਾ ਲੁਧਿਆਣਾ ’ਚ ਮਿਲਿਆ-ਜੁਲਿਆ ਅਸਰ

ਲੁਧਿਆਣਾ, 15 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦਾ ਲੁਧਿਆਣਾ ਵਿਚ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਸਵੇਰੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਕਿਸੇ ਵੀ ਵੱਡੇ ਬਾਜ਼ਾਰ ‘ਚ ਪੂਰਨ ਬੰਦ ਦੀ ਸਥਿਤੀ ਨਹੀਂ ਬਣੀ।

ਸ਼ਹਿਰ ਦੀ ਘੁਮਾਰ ਮੰਡੀ ਵਿਖੇ ਬੰਦ ਪਈਆਂ ਦੁਕਾਨਾਂ। 16-10-2026

ਲੁਧਿਆਣਾ, 15 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦਾ ਲੁਧਿਆਣਾ ਵਿਚ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਸਵੇਰੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਕਿਸੇ ਵੀ ਵੱਡੇ ਬਾਜ਼ਾਰ ‘ਚ ਪੂਰਨ ਬੰਦ ਦੀ ਸਥਿਤੀ ਨਹੀਂ ਬਣੀ। ਹਾਲਾਂਕਿ ਕੁੱਝ ਦੁਕਾਨਦਾਰਾਂ ਨੇ ਬੰਦ ਦੇ ਸਮਰਥਨ ਵਿਚ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਦੁਪਹਿਰ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਕਈ ਇਲਾਕਿਆਂ ਵਿਚ ਦੁਕਾਨਾਂ ਬੰਦ ਕਰਵਾਇਆ ਗਈਆਂ। ਸ਼ਹਿਰ ਦੇ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਪ੍ਰਤਾਪ ਬਾਜ਼ਾਰ, ਬਿਜਲੀ ਬਾਜ਼ਾਰ, ਪਿੰਡੀ ਗਲੀ, ਲੱਕੜ ਬਾਜ਼ਾਰ, ਮੀਨਾ ਬਾਜ਼ਾਰਾਂ ਆਦਿ ਵਿਚ ਸਵੇਰੇ ਕਾਰੋਬਾਰ ਚੱਲਦਾ ਰਿਹਾ। ਬਾਅਦ ਦੁਪਹਿਰ ਮਾਤਾ ਰਾਣੀ ਚੌਕ, ਏ.ਸੀ. ਮਾਰਕੀਟ, ਭਦੌੜ ਹਾਊਸ, ਘੰਟਾਘਰ ਚੌੜਾ ਬਾਜ਼ਾਰ ਆਦਿ ਕੁੱਝ ਹੋਰ ਬਾਜ਼ਾਰਾਂ ਵਿਚ ਜਥੇਬੰਦੀਆਂ ਵਲੋਂ ਬੰਦ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਅਤੇ ਦੁਕਾਨਾਂ ਨੂੰ ਬੰਦ ਕਰਵਾਇਆ ਗਈਆਂ। ਇਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਸ਼ਹਿਰ ਦੀ ਰੌਣਕ ਅਤੇ ਕਾਰੋਬਾਰੀ ਗਤੀਵਿਧੀ ਘੱਟ ਰਹੀ। ਉਥੇ ਹੀ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਬੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਕੁੱਝ ਬੈਂਕ ਵੀ ਬੰਦ ਰਹੇ, ਉਥੇ ਹੀ ਕੁੱਝ ਪੈਟਰੋਲ ਪੰਪ ਵੀ ਬੰਦ ਦਿਸੇ। ਇਸ ਤਰ੍ਹਾਂ ਬੰਦ ਕਾਰਨ ਸ਼ਹਿਰ ਦੇ ਬੱਸ ਅੱਡੇ ’ਤੇ ਵੀ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਘੱਟ ਰਹੀ। ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਬੱਸ ਅੱਡੇ ’ਤੇ ਆਮ ਦਿਨਾਂ ਵਾਲੀ ਭੀੜ ਨਜ਼ਰ ਨਹੀਂ ਆਈ। ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਵੱਖ-ਵੱਖ ਜਥੇਬੰਦੀਆਂ ਪੰਜਾਬ ਬੰਦ ਦੇ ਸਮਰਥਨ ਵਿਚ ਸ਼ਹਿਰ ਦੇ ਬਸਤੀ ਜੋਧੇਵਾਲ ਚੌਕ, ਫੁੱਲਾਂ ਵਾਲਾ ਚੌਕ, ਹੰਬੜਾਂ ਰੋਡ, ਦੁੱਗਰੀ ਪੁਲ ਸਮੇਤ ਕਈ ਥਾਵਾਂ ‘ਤੇ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਦੁੱਗਰੀ ਪੁਲ ਤੇ ਵਾਰਿਸ ਪੰਜਾਬ ਦੇ ਆਗੂ ਹਰਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਉਧਰ ਡਿਵੀਜ਼ਨ ਨੰਬਰ 3, ਗੁੜ ਮੰਡੀ ਅਤੇ ਮਾਡਲ ਟਾਊਨ ਇਲਾਕੇ ਵਿਚ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਕੁੱਝ ਜਥੇਬੰਦੀਆਂ ਅਤੇ ਦੁਕਾਨਦਾਰਾਂ ਵਿਚਾਲੇ ਤਕਰਾਰ ਦੀ ਸਥਿਤੀ ਬਣ ਗਈ। ਜਥੇਬੰਦੀਆਂ ਵਲੋਂ ਬੰਦ ਦੇ ਸਮਰਥਨ ਦੀ ਅਪੀਲ ਕਰਦਿਆਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਕੁੱਝ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਕਾਰਨ ਕੁੱਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਰਿਹਾ। ਮੌਕੇ ’ਤੇ ਪੁਲਿਸ ਵਲੋਂ ਪੁੱਜ ਕੇ ਸਥਿਤੀ ਨੇ ਨਜ਼ਰ ਰੱਖੀ ਗਈ। ਪਟਵਾਰ ਯੂਨੀਅਨ ਤੇ ਵਕੀਲਾਂ ਨੇ ਵੀ ਦਿੱਤਾ ਸਮਰਥਨ ਪਟਵਾਰ ਯੂਨੀਅਨ ਵਲੋਂ ਪੰਜਾਬ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ। ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਵੀ ਬੰਦ ਦੀ ਸਮਰਥਨ ਕੀਤਾ ਗਿਆ। ਕੁੱਝ ਵਕੀਲਾਂ ਵਲੋਂ ਵੀ ਬੰਦ ਦੇ ਸਮਰਥਨ ਵਿਚ ਕੰਮਕਾਜ ਬੰਦ ਰੱਖਿਆ ਗਿਆ, ਜਿਸ ਨਾਲ ਅਦਾਲਤੀ ਕੰਮਕਾਜ ਪ੍ਰਭਾਵਿਤ ਰਿਹਾ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੀ ਅਪੀਲ ਕੀਤੀ ਗਈ ਸੀ। ਇਸ ਮੁੱਦੇ ਨੂੰ ਵੱਖ-ਵੱਖ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਸੰਗਠਨਾਂ ਅਤੇ ਹੋਰ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਗਿਆ। ਕੁਲ ਮਿਲਾਕੇ ਲੁਧਿਆਣਾ ਵਿਚ ਪੰਜਾਬ ਬੰਦ ਪੂਰਨ ਬੰਦ ਵਿਚ ਤਬਦੀਲ ਨਹੀਂ ਹੋਇਆ, ਪਰ ਇਸ ਦਾ ਅਸਰ ਸਿੱਖਿਆ ਸੰਸਥਾਵਾਂ, ਆਵਾਜਾਈ, ਕੁੱਝ ਬਾਜ਼ਾਰਾਂ ਅਤੇ ਵੱਖ-ਵੱਖ ਸਰਕਾਰੀ ਸੇਵਾਵਾਂ ’ਤੇ ਸਪਸ਼ਟ ਨਜ਼ਰ ਆਇਆ। ਸਵੇਰੇ ਬਾਜ਼ਾਰ ਖੁੱਲ੍ਹੇ ਰਹਿਣ ਤੋਂ ਬਾਅਦ ਦੁਪਹਿਰ ਕਈ ਥਾਵਾਂ ’ਤੇ ਜਥੇਬੰਦੀਆਂ ਦੇ ਪ੍ਰਦਰਸ਼ਨਾਂ ਨਾਲ ਬੰਦ ਦਾ ਅਸਰ ਵਧ ਗਿਆ। ਜਥੇਬੰਦੀਆਂ ਨੇ ਈਸ਼ਰ ਨਗਰ ਪੁਲ ’ਤੇ ਲਗਾਇਆ ਰੋਸ ਧਰਨਾ ਡਾਬਾ/ਲੁਹਾਰਾ, (ਕੁਲਵੰਤ ਸਿੰਘ ਸੱਪਲ)-ਪੰਜਾਬ ਬੰਦ ਦੇ ਦਿੱਤੇ ਸੱਦੇ ’ਤੇ ਮਹਾਂਨਗਰ ਲੁਧਿਆਣਾ ਦੀਆਂ ਕਈ ਸਮਾਜ ਸੇਵੀ, ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦੱਖਣੀ ਬਾਈਪਾਸ ਸਥਿਤ ਈਸ਼ਰ ਨਗਰ ਨਹਿਰ ਪੁਲ ’ਤੇ ਆਵਾਜਾਈ ਰੋਕ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ। ਰੋਸ ਧਰਨੇ ਮੌਕੇ ਜਥੇਦਾਰ ਚਮਕੌਰ ਸਿੰਘ, ਪ੍ਰਧਾਨ ਮਲਕੀਤ ਸਿੰਘ ਤੇ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਸੂਬਾ ਵਾਸੀਆਂ ਦੀਆਂ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਸੂਬਾ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ 24 ਘੰਟੇ ਖੁੱਲ੍ਹਾ ਵਗ ਰਿਹਾ ਹੈ, ਜਿਸ ਵਿਚ ਕਦੇ ਵੀ ਖੜੋਤ ਨਹੀਂ ਆਉਂਦੀ ਅਤੇ ਇਸੇ ਸੰਬੰਧ ਵਿਚ ਆਪਣੀ ਆਵਾਜ਼ ਬੁਲੰਦ ਕਰ ਰਹੇ ਸਮਾਜ ਸੇਵੀ ਸਵ. ਪਰਵਿੰਦਰ ਸਿੰਘ ਝੋਟਾ ਨੂੰ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਖ਼ਿਲਾਫ਼ ਅੱਜ ਪੂਰਾ ਪੰਜਾਬ ਸਵ. ਝੋਟੇ ਦੇ ਹੱਕ ਵਿਚ ਖੜ੍ਹਾ ਨਜ਼ਰ ਆ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰੱਖੀ ਜਾਵੇਗੀ। ਇਸ ਮੌਕੇ ਜਥੇਦਾਰ ਸੂਰਜ ਸਿੰਘ, ਬਾਬਾ ਸਤਨਾਮ ਸਿੰਘ, ਕਰਨਵੀਰ ਸਿੰਘ, ਸੋਢੀ ਸਿੰਘ, ਦੀਪਾ ਸਿੰਘ, ਪ੍ਰੀਤ ਸਿੰਘ, ਚਮਕੌਰ ਸਿੰਘ, ਬਲਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ। ਨੂਰਪੁਰ ਬੇਟ ਵਿਖੇ ਕਿਸਾਨ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਨੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ ਲਾਡੋਵਾਲ, (ਬਲਬੀਰ ਸਿੰਘ ਰਾਣਾ)-ਸਮਾਜ ਸੇਵਕ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰਨਾ ਸਰਕਾਰ ਦਾ ਜਿੱਥੇ ਬਹੁਤ ਵੱਡਾ ਫੇਲੀਅਰ ਸਾਬਤ ਹੋਇਆ ਹੈ, ਉਥੇ ਪੰਜਾਬ ਅੰਦਰ ਲਾਅ ਐਂਡ ਆਰਡਰ ਦੀਆਂ ਵੀ ਧੱਜੀਆਂ ਉੜਾਈਆਂ, ਜਦਕਿ ਪਰਵਿੰਦਰ ਝੋਟਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ ਦਲ ‘ਚੋਂ ਬਚਾਉਣ ਲਈ ਵਧੀਆ ਕੰਮ ਕਰ ਰਿਹਾ ਸੀ, ਅੱਜ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪਿੰਡ ਨੂਰਪੁਰ ਬੇਟ ਵਿਖੇ ਕਿਸਾਨ ਜਥੇਬੰਦੀਆਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਮਲਕਪੁਰ ਚੌਕ ਵਿਖੇ ਰੋਸ ਵਜੋਂ ਧਰਨਾ ਲਗਾ ਕੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਆਵਾਜਾਈ ਵੀ ਬੰਦ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ, ਮਨਜੀਤ ਸਿੰਘ ਖਾਨਪੁਰੀ ਜ਼ਿਲ੍ਹਾ ਪ੍ਰਧਾਨ ਭਾਕਿਊ ਖੋਸਾ ਅਤੇ ਅਮਰੀਕ ਸਿੰਘ ਸੰਧੂ ਸਾਂਝੇ ਤੌਰ ’ਤੇ ਕਿਹਾ ਕਿ ਪਰਵਿੰਦਰ ਝੋਟੇ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਣਾ ਨਹੀਂ ਕਰਨਾ ਚਾਹੀਦਾ, ਸਗੋਂ ਨਸ਼ਾ ਵਿਕਰੇਤਾ ਨੂੰ ਸ਼ਹਿ ਦੇਣ ਵਾਲਾ ਚਾਹੇ ਉਹ ਕਿੰਨੀ ਵੀ ਉਚੀ ਪਹੁੰਚ ਕਿਉਂ ਨਾ ਰੱਖਦਾ ਹੋਵੇ, ਉਸ ਨੂੰ ਕਾਨੂੰਨ ਮੁਤਾਬਿਕ ਬਣਦੀ ਅਤੇ ਢੁਕਵੀਂ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਪਰਵਿੰਦਰ ਝੋਟੇ ਦੇ ਪਰਿਵਾਰ ਅਤੇ ਗਠਿਤ ਕੀਤੀ ਗਈ ਕਮੇਟੀ ਮੁਤਾਬਿਕ ਫ਼ੈਸਲਾ ਨਹੀਂ ਹੁੰਦਾ, ਤਦ ਤੱਕ ਅਸੀਂ ਝੋਟੇ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ। ਉਨ੍ਹਾਂ ਕਿਹਾ ਕਿ ਜੇਕਰ ਸਮੁੱਚਾ ਪੰਜਾਬ ਅੱਜ ਕੁੰਭ ਕਰਨੀ ਨੀਂਦ ਤੋਂ ਨਾ ਜਾਗਿਆ ਤਾਂ ਪਤਾ ਨਹੀਂ ਪੰਜਾਬ ਵਿਚ ਕਿੰਨੇ ਹੋਰ ਝੋਟਿਆਂ ਨੂੰ ਨਸ਼ਾ ਖ਼ਤਮ ਕਰਨ ਲਈ ਸ਼ਹੀਦੀਆਂ ਦੇਣੀਆਂ ਪੈਣਗੀਆਂ, ਕਿਉਂਕਿ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵੀ ਮਹਿਜ਼ ਇਕ ਡਰਾਮਾ ਹੀ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ ਰਸੂਲਪੁਰ, ਪ੍ਰਧਾਨ ਰਘਬੀਰ ਸਿੰਘ ਗਿੱਲ, ਗੁਰਮੇਲ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਗਿੱਲ, ਨਰਿੰਦਰ ਸਿੰਘ, ਜਰਨੈਲ ਸਿੰਘ ਗਰੇਵਾਲ, ਹੈਪੀ ਮੁੰਡੀ, ਬਾਬਾ ਹਿੰਮਤ ਸਿੰਘ, ਗੁਰਦੀਪ ਸਿੰਘ ਚੱਠਾ ਜਗਰੂਪ ਸਿੰਘ ਚੱਠਾ, ਰਾਜਵੀਰ ਸਿੰਘ, ਚਰਨਜੀਤ ਸਿੰਘ ਹਾਂਸ, ਮਨਜੀਤ ਸਿੰਘ, ਚੰਨਣ ਸਿੰਘ, ਗੁਰਵਿੰਦਰ ਸਿੰਘ ਬੰਟੀ ਅਤੇ ਨਿਸ਼ਾਨ ਸਿੰਘ ਮੰਝਫੱਗੂਵਾਲ ਆਦਿ ਵੀ ਹਾਜ਼ਰ ਸਨ। ਪੰਜਾਬ ਬੰਦ ਨੂੰ ਲਾਡੋਵਾਲ ਮਾਰਕੀਟ ਕਮੇਟੀ ਨੇ ਦਿੱਤਾ ਪੂਰਨ ਸਮਰਥਨ ਲਾਡੋਵਾਲ, (ਬਲਬੀਰ ਸਿੰਘ ਰਾਣਾ)- ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਕੱਢਣ ਲਈ ਅਤੇ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਪਰਮਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕਰਨਾ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ l ਇਹ ਵਿਚਾਰ ਲਾਡੋਵਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ l ਉਨਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ, ਕਿ ਕੋਈ ਵੀ ਵਿਅਕਤੀ ਅੱਗੇ ਤੋਂ ਅਜਿਹੀ ਘਨਾਉਣੀ ਹਰਕਤ ਕਰਨ ਤੋਂ ਪਹਿਲਾਂ ਇਕ ਵਾਰ ਨਹੀਂ ਸਗੋਂ ਸੌ ਵਾਰ ਸੋਚਣ ਲਈ ਮਜਬੂਰ ਹੋਵੇ l ਉਨਾਂ ਕਿਹਾ ਕਿ ਜੇਕਰ ਸਰਕਾਰ ਝੋਟੇ ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਤਾਂ ਪੰਜਾਬ ਦੇ ਲੋਕ ਸੜਕਾਂ ਤੇ ਉੱਤਰ ਆਉਣਗੇ, ਜਿਸ ਦੌਰਾਨ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਖੁਦ ਪੰਜਾਬ ਸਰਕਾਰ ਹੋਵੇਗੀ l ਉਨਾਂ ਦੱਸਿਆ ਕਿ ਅੱਜ ਲਾਡੋਵਾਲ ਮਾਰਕੀਟ ਕਮੇਟੀ ਮੁਕੰਮਲ ਤੌਰ ਤੇ ਰੋਸ ਵਜੋਂ ਬੰਦ ਰਹੀ l ਇਸ ਮੌਕੇ ਮੀਤ ਪ੍ਰਧਾਨ ਜਗਦੀਸ਼ ਕਲਿਆਣ, ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਵਿਰਕ, ਨੰਬਰਦਾਰ ਜਗੀਰ ਸਿੰਘ ਚਾਹੜ, ਬਾਈ ਰਜਿੰਦਰ ਸਿੰਘ, ਸੁਭਾਸ਼ ਨਾਰੰਗ, ਜੁਗਰਾਜ ਸਿੰਘ, ਵਰਿੰਦਰ ਗਰੋਵਰ, ਮਨਜੀਤ ਸਿੰਘ ਆਲੋਵਾਲ, ਵੀਰਭਾਨ, ਹਰਜੀਤ ਸਿੰਘ ਮਨੀ, ਸਿਮਰਨਜੀਤ ਸਿੰਘ, ਮਦਨ ਲਾਲ, ਹਰਪ੍ਰੀਤ ਸਿੰਘ, ਗੋਰਾ ਲੈਬ,ਬੱਗਾ ਗਾਦੜਾ, ਨਾਹਰ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਦੇਬੀ, ਹਰਜੀਤ ਸਿੰਘ ਗੋਰਸੀਆਂ, ਹੈਪੀ ਗਿੱਲ, ਸਿਮਰਨਜੀਤ ਸਿੰਘ, ਵਿੱਕੀ ਜੱਗਾ, ਪ੍ਰਿੰਸ ਗੋਰਾ ਅਤੇ ਵਿੱਕੀ ਆਦਿ ਵੀ ਹਾਜ਼ਰ ਸਨ। ਸਮਾਜ ਸੇਵੀ ਜਥੇਬੰਦੀਆਂ ਨੇ ਮਲੇਰਕੋਟਲਾ ਰੋਡ ਆਲਮਗੀਰ ਵਿਖੇ ਦਿੱਤਾ ਰੋਸ ਧਰਨਾ ਆਲਮਗੀਰ, (ਜਰਨੈਲ ਸਿੰਘ ਪੱਟੀ)-ਨਸ਼ਿਆਂ ਵਿਚ ਗਲਤਾਨ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਨਸ਼ੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵਾਲਾ ਸਮਾਜ ਸੇਵੀ ਸਵ. ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਅਤੇ ਇਨਸਾਫ਼ ਹਾਸਿਲ ਕਰਨ ਲਈ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਥਾਨਕ ਮਲੇਰਕੋਟਲਾ ਰੋਡ ਪਿੰਡ ਆਲਮਗੀਰ ਸਥਿਤ ਵਿਸ਼ਾਲ ਰੋਸ ਧਰਨਾ ਦੇ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਗਟ ਸਿੰਘ ਗਰੇਵਾਲ, ਅਮਨਦੀਪ ਸਿੰਘ ਆਲਮਗੀਰ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ, ਸੁਖਦੀਪ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਅੰਦਰ ਜਿੱਥੇ ਕੈਮੀਕਲ ਅਤੇ ਸੰਥੈਟਿਕ ਨਸ਼ੇ ਦੀ ਭਰਮਾਰ ਪਾਈ ਜਾ ਰਹੀ ਹੈ, ਉਥੇ ਹੀ ਮੈਡੀਕਲ ਨਸ਼ਾ ਵੀ ਪੂਰੇ ਜ਼ੋਰਾਂ ’ਤੇ ਵਿੱਕਰੀ ਹੋ ਰਿਹਾ ਹੈ, ਜਿਸ ਨੂੰ ਰੋਕਣ ਵਿਚ ਸਮੇਂ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਸ਼ਰੇਆਮ ਨਸ਼ਿਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਕਿਸੇ ਵੀ ਕਾਰਕੁਨ ਨੂੰ ਗੋਲੀਆਂ ਨਾਲ ਭੁੰਨ ਸੁੱਟਦੇ ਹਨ। ਧਰਨੇ ਵਿਚ ਹਾਜ਼ਰ ਲੋਕਾਂ ਨੇ ਮੰਗ ਕੀਤੀ ਕਿ ਉਕਤ ਕਤਲ ਦੀ ਸੀ.ਬੀ.ਆਈ. ਜਾਂਚ ਕਰਵਾ ਕੇ ਪਰਦੇ ਪਿਛਲੇ ਹਰੇਕ ਦੋਸ਼ੀ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਅੰਜਾਮ ’ਤੇ ਪਹੁੰਚਾਉਂਦਿਆਂ ਸਲਾਖਾਂ ਪਿੱਛੇ ਕੀਤਾ ਜਾਵੇ। ਇਸ ਮੌਕੇ ਜਸਵੀਰ ਸਿੰਘ, ਸੁਵਿੰਦਰ ਸਿੰਘ, ਹਰਜਿੰਦਰ ਸਿੰਘ ਨਿੱਕਾ, ਪਿੰਦਾ ਆਲਮਗੀਰ, ਜੱਸਾ, ਬਲਦੇਵ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ, ਸੰਤ ਸਿੰਘ, ਸਰਪੰਚ ਰਣਜੋਤ ਸਿੰਘ, ਦਰਬਾਰਾ ਸਿੰਘ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ, ਸੁਖਵਿੰਦਰ ਸਿੰਘ, ਜਗਵੰਤ ਡਿੰਪਾ ਸਿੰਘ, ਬਿੱਲਾ, ਸੁਰਿੰਦਰ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ ਜੀਤ ਸਿੰਘ, ਕੁਲਜਿੰਦਰ ਸਿੰਘ, ਹਰਪਿੰਦਰ ਸਿੰਘ ਤਲਵਿੰਦਰ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਪੰਜਾਬ ਬੰਦ ਦੇ ਸੱਦੇ ’ਤੇ ਥਾਂ-ਥਾਂ ਧਰਨਾ ਪ੍ਰਦਰਸ਼ਨ- ਫ਼ਿਰੋਜ਼ਪੁਰ ਮਾਰਗ ’ਤੇ ਛਾਇਆ ਸੰਨਾਟਾ ਫੁੱਲਾਂਵਾਲ/ ਇਯਾਲੀ/ਥਰੀਕੇ, (ਮਨਜੀਤ ਸਿੰਘ ਦੁੱਗਰੀ)-ਲੰਘੇ ਦਿਨੀਂ ਮਾਨਸਾ ਵਿਖੇ ਮੈਡੀਕਲ ਤਸਕਰ ਲੋਭੀ ਵਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਚਿੱਟੇ ਦਿਨ ਕੀਤੇ ਕਤਲ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਪੰਜਾਬ ਬੰਦ ਦੇ ਸੱਦੇ ਦੀ ਕਾਲ ਉਪਰ ਅੱਜ ਲੁਧਿਆਣਾ ਦੇ ਫੁੱਲਾਂਵਾਲ, ਇਯਾਲੀ, ਥਰੀਕੇ ਸਟੇਸ਼ਨ ਅਧੀਨ ਆਉਂਦੇ ਏਰੀਏ 200 ਫੁੱਟੀ ਮਿਸਿੰਗ ਲਿੰਕ ਸੜਕ ਉਪਰ ਪੈਂਦੇ ਜੈਨ ਮੰਦਰ ਚੌਕ ਅਤੇ ਫੁੱਲਾਂਵਾਲ ਚੌਕ ਵਿਖੇ ਵੱਖ ਵੱਖ ਜਥੇਬੰਦੀਆਂ ਵਲੋਂ ਸੜਕਾਂ ’ਤੇ ਆਵਾਜਾਈ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜੈਨ ਮੰਦਰ ਵਿਖੇ ਕੀਤੇ ਰੋਸ ਪ੍ਰਦਰਸ਼ਨ ਵਿਚ ਬੀਬੀ ਅੰਮ੍ਰਿਤਪਾਲ ਕੌਰ ਮਲੋਆ (ਸਪੁੱਤਰੀ ਸ਼ਹੀਦ ਭਾਈ ਬੇਅੰਤ ਸਿੰਘ) ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਜਦ ਕਿ ਇਸ ਮੌਕੇ ਫ਼ਿਰੋਜ਼ਪੁਰ ਮਾਰਗ ਅਤੇ ਇਸੇ ਮਾਰਗ ਉਪਰ ਪੈਂਦਾ ਐਮ.ਬੀ.ਡੀ. ਮਾਲ ਵਿਖੇ ਵੀ ਸੰਨਾਟਾ ਛਾਇਆ ਰਿਹਾ। ਜ਼ਰੂਰੀ ਕੰਮਾਂ ’ਤੇ ਜਾਣ ਵਾਲੇ ਇਕਾ-ਦੁੱਕਾ ਵਾਹਨ ਹੀ ਸੜਕਾਂ ’ਤੇ ਦੌੜਦੇ ਨਜ਼ਰ ਆਏ। ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਅਤੇ ਹੋਰ ਰੋਜ਼ਮਰ੍ਹਾ ਜੀਵਨ ਲਈ ਬੁਨਿਆਦੀ ਸਹੂਲਤਾਂ ਲਈ ਚੱਲਣ ਵਾਲੇ ਵਾਹਨਾਂ ਨੂੰ ਇਸ ਬੰਦ ਤੋਂ ਛੋਟ ਰਹੀ ਅਤੇ ਕਈ ਥਾਂਈਂ ਪ੍ਰਦਰਸ਼ਨਕਾਰੀ ਇਨ੍ਹਾਂ ਵਾਹਨਾਂ ਨੂੰ ਪਹਿਲ ਦੇ ਆਧਾਰ ’ਤੇ ਜਾਮ ਵਿਚੋਂ ਕੱਢਦੇ ਨਜ਼ਰ ਆਏ। ਸਥਾਨਕ ਲੋਕਾਂ ਵਲੋਂ ਆਪ ਮੁਹਾਰੇ ਇਸ ਬੰਦ ਨੂੰ ਸਮਰਥਨ ਦਿੰਦਿਆਂ ਆਪਣੇ ਵਪਾਰਕ ਅਦਾਰੇ ਬੰਦ ਰੱਖ ਕੇ ਨਸ਼ੇ ਵਿਰੁੱਧ ਕੀਤੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਸਰਕਾਰ ਵਿਰੁੱਧ ਆਪਣਾ ਰੋਸ ਜਿਤਾਇਆਂ ਗਿਆ।

ਪਿਛਲੀ ਖ਼ਬਰ ਕੈਮਿਸਟ ਤੋਂ ਲਈ ਦਵਾਈ ਖਾਣ ਨਾਲ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਅਗਲੀ ਖ਼ਬਰ ਪ੍ਰਿੰਸੀਪਲ ਰਣਜੀਤ ਸਿੰਘ ਕੰਡੋਲਾ ਤੇ ਇੰਦਰਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।