ਹੋਟਲ ਮਾਲਕ ਨੂੰ ਮਹਿਲਾ ਯੂਟਿਊਬਰ ਵਲੋਂ ਬਲੈਕਮੇਲ ਕਰਨ ਦੇ ਮਾਮਲੇ ਦੀ ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਫ਼ਤਿਹਗੜ੍ਹ ਮੁਹੱਲੇ ਨੇੜੇ ਸਥਿਤ ਇਕ ਹੋਟਲ ਮਾਲਕ ਨੂੰ ਬਲੈਕਮੇਲ ਕਰਨ ਵਾਲੀ ਇਕ ਮਹਿਲਾ ਯੂਟੀਊਬਰ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹੋਟਲ ਮਾਲਕ ਵਲੋਂ ਅੱਜ ਥਾਣਾ ਡਿਵੀਜ਼ਨ ਨੰਬਰ ਤਿੰਨ ਵਿਚ ਪੁਲਿਸ ਨੂੰ ਉਕਤ ਮਹਿਲਾ ਖ਼ਿਲਾਫ਼ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਫ਼ਤਿਹਗੜ੍ਹ ਮੁਹੱਲੇ ਨੇੜੇ ਸਥਿਤ ਇਕ ਹੋਟਲ ਮਾਲਕ ਨੂੰ ਬਲੈਕਮੇਲ ਕਰਨ ਵਾਲੀ ਇਕ ਮਹਿਲਾ ਯੂਟੀਊਬਰ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹੋਟਲ ਮਾਲਕ ਵਲੋਂ ਅੱਜ ਥਾਣਾ ਡਿਵੀਜ਼ਨ ਨੰਬਰ ਤਿੰਨ ਵਿਚ ਪੁਲਿਸ ਨੂੰ ਉਕਤ ਮਹਿਲਾ ਖ਼ਿਲਾਫ਼ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਹੋਟਲ ਮਾਲਕ ਨੇ ਦੱਸਿਆ ਕਿ ਉਕਤ ਮਹਿਲਾ ਯੂਟਿਊਬਰ ਨੇ ਆਪਣੇ ਪੇਜ ’ਤੇ ਉਸ ਦੇ ਹੋਟਲ ਵਿਚ ਸੱਟੇਬਾਜ਼ੀ ਦਾ ਧੰਦਾ ਹੋਣ ਸੰਬੰਧੀ ਖ਼ਬਰ ਚਲਾ ਦਿੱਤੀ। ਉਸ ਨੇ ਦੱਸਿਆ ਕਿ ਉਸ ਦਾ ਹੋਟਲ ਥਾਣਾ ਨੰਬਰ ਤਿੰਨ ਦੇ ਬਿਲਕੁਲ ਨਜ਼ਦੀਕ ਹੈ, ਜਿੱਥੇ ਕਿ ਹਰ ਸਮੇਂ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਸ ਦੇ ਹੋਟਲ ਵਿਚ ਅਜਿਹਾ ਧੰਦਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਦੇ ਬਿਆਨ ਵੀ ਨਹੀਂ ਲਏ ਗਏ ਅਤੇ ਬਾਅਦ ਵਿਚ ਉਕਤ ਔਰਤ ਕਥਿਤ ਤੌਰ ’ਤੇ ਉਸ ਨੂੰ ਬਲੈਕਮੇਲ ਕਰਨ ਲੱਗ ਪਈ ਅਤੇ ਇਕ ਨੌਜਵਾਨ ਰਾਹੀਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ। ਉਸ ਨੇ ਦੱਸਿਆ ਕਿ ਔਰਤ ਵਲੋਂ ਕੀਤੀ ਗਈ ਇਸ ਹਰਕਤ ਨਾਲ ਉਸ ਦੀ ਸਮਾਜ ਅਤੇ ਰਿਸ਼ਤੇਦਾਰਾਂ ਵਿਚ ਬਦਨਾਮੀ ਹੋਈ ਹੈ। ਉਸ ਨੇ ਦੱਸਿਆ ਕਿ ਉਕਤ ਔਰਤ ਕੁੱਝ ਸਮਾਂ ਪਹਿਲਾਂ ਇਕ ਕੱਪੜੇ ਦੀ ਦੁਕਾਨ ਤੋਂ ਕੱਪੜੇ ਚੋਰੀ ਕਰਦੇ ਵੀ ਕੈਮਰੇ ਵਿਚ ਕੈਦ ਹੋਈ ਸੀ, ਪਰ ਉਸ ਵੇਲੇ ਦੁਕਾਨਦਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਪੁਲਿਸ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਡਿਵੀਜ਼ਨ ਨੰਬਰ ਤਿੰਨ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।