ਪੰਜਾਬ ’ਚ ਨਸ਼ਾ ਵੇਚਣ ਵਾਲਿਆਂ ’ਤੇ ਹੋਵੇ ਸਖ਼ਤ ਕਾਰਵਾਈ-ਸ਼ਾਹੀ ਇਮਾਮ
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਤੇ ਨਾਲ ਹੀ ਨਸ਼ਾ ਪੀੜਤਾਂ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਮੰਗ ਕੀਤੀ। ਉਨ੍ਹਾਂ ਨੇ ਸਾਉਦੀ ਅਰਬ ਦੀ ਮਿਸਾਲ ਦਿੰਦਿਆਂ ਆਖਿਆ ਕਿ ਉਥੇ ਗੁਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਸਾਡੇ ਮੁਲਕ ਵਿਚ ਗੁਨਾਹ ਕਰਨ ਵਾਲੇ ਦਾ ਜਾਤ-ਧਰਮ ਤੇ ਪਾਰਟੀ ਵੇਖੀ ਜਾਂਦੀ ਹੈ ਤੇ ਫਿਰ ਉਸ ਧਰਮ ਤੇ ਪਾਰਟੀ ਦੇ ਲੋਕ ਉਸ ਦੀ ਹਮਾਇਤ ਲਈ ਵੀ ਆ ਜਾਂਦੇ ਹਨ।
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਤੇ ਨਾਲ ਹੀ ਨਸ਼ਾ ਪੀੜਤਾਂ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਮੰਗ ਕੀਤੀ। ਉਨ੍ਹਾਂ ਨੇ ਸਾਉਦੀ ਅਰਬ ਦੀ ਮਿਸਾਲ ਦਿੰਦਿਆਂ ਆਖਿਆ ਕਿ ਉਥੇ ਗੁਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਸਾਡੇ ਮੁਲਕ ਵਿਚ ਗੁਨਾਹ ਕਰਨ ਵਾਲੇ ਦਾ ਜਾਤ-ਧਰਮ ਤੇ ਪਾਰਟੀ ਵੇਖੀ ਜਾਂਦੀ ਹੈ ਤੇ ਫਿਰ ਉਸ ਧਰਮ ਤੇ ਪਾਰਟੀ ਦੇ ਲੋਕ ਉਸ ਦੀ ਹਮਾਇਤ ਲਈ ਵੀ ਆ ਜਾਂਦੇ ਹਨ। ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਆਖਿਆ ਕਿ ਇਸਲਾਮ ਵਿਚ ਨਸ਼ਾ ਹਰਾਮ ਹੈ ਤੇ ਸਾਨੂੰ ਇਨਸਾਨਾਂ ਤੋਂ ਨਹੀਂ ਸਗੋਂ ਨਸ਼ੇ ਤੋਂ ਨਫ਼ਰਤ ਦਾ ਉਪਦੇਸ਼ ਦਿੱਤਾ ਗਿਆ ਹੈ, ਪਰ ਅੱਜ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਜੇਲ੍ਹ ਭੇਜ ਰਹੇ ਹਾਂ, ਜਿੱਥੋਂ ਨਸ਼ਾ ਆ ਰਿਹਾ ਹੈ ਉਨ੍ਹਾਂ ਨੂੰ ਨਹੀਂ ਫੜ ਰਹੇ। ਉਨ੍ਹਾਂ ਕਿਹਾ ਕਿ ਇਸ ਵੇਲੇ ਇਕੱਲੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹਰ ਸੂਬੇ ਵਿਚ ਵੀ ਨਸ਼ਿਆਂ ਦੀ ਸਮੱਸਿਆ ਹੈ। ਸ਼ਾਹੀ ਇਮਾਮ ਨੇ ਨਸ਼ਿਆਂ ਖ਼ਿਲਾਫ਼ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਅੱਜ ਜੇਕਰ ਸਾਡੀ ਬਰਾਦਰੀ ਜਾਂ ਕੌਮ ਦਾ ਬੰਦਾ ਨਸ਼ਾ ਵੇਚੇ ਤਾਂ ਫਿਰ ਅਸੀਂ ਉਸ ਦੀ ਸ਼ਿਕਾਇਤ ਨਹੀਂ ਕਰਦੇ। ਸਿਆਸੀ ਲੋਕ ਵੀ ਪੰਜਾਬ ਦੇ ਮੁਰਾਦਾਂ ਨਾਲੋਂ ਆਪਣੇ ਮੁਫ਼ਾਦ ਮੂਹਰੇ ਰੱਖਦੇ ਹਨ। ਅਸੀਂ ਗੁਨਾਹ ਕਰਨ ਵਾਲੇ ਨੂੰ ਵੇਖਦੇ ਹਾਂ ਕਿ ਉਹ ਕਿਸ ਪਾਰਟੀ ਦਾ ਹੈ ਤੇ ਉਸ ਪਾਰਟੀ ਦੇ ਲੋਕ ਗੁਨਾਹਗਾਰ ਦੀ ਹਮਾਇਤ ਵਿਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਪੰਜਾਬ ਰਲ ਕੇ ਇਨ੍ਹਾਂ ਬਿਮਾਰੀਆਂ ਦੇ ਖ਼ਿਲਾਫ਼ ਖੜ੍ਹਾਂਗੇ ਤਾਂ ਜ਼ਰੂਰ ਜਿੱਤ ਹਾਸਿਲ ਕਰਾਂਗੇ।