07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਜਾਬ 'ਚ 'ਆਪ' ਦਾ ਬਦਲਾਅ ਫੇਲ੍ਹ ਹੋ ਚੁੱਕਾ ਹੈ ਤੇ ਕਾਂਗਰਸ ਦੀ ਸਿਆਸੀ ਤੌਰ 'ਤੇ ਹੋ ਚੁੱਕੀ ਹੈ ਮੌਤ- ਕਰੀਮਪੁਰੀ <br/>

ਪਿੰਡ ਮਾਮੂਪੁਰ ਵਿਖੇ ਬਸਪਾ ਆਗੂ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਨਾਲ ਬੈਠੇ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਤੇ ਹੋਰ ਆਗੂ | ਤਸਵੀਰ : ਜੰਡਪੁਰੀ <br/> 26-01-2026
ਖਰੜ, 25 ਜਨਵਰੀ (ਤਰਸੇਮ ਸਿੰਘ ਜੰਡਪੁਰੀ)-ਪੰਜਾਬ ਦੇ ਲੋਕਾਂ ਨੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਤੋਂ ਅੱਕ ਕੇ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਬਦਲਾਅ ਦਾ ਮੌਕਾ ਦਿੱਤਾ ਸੀ, ਪਰ ਅੱਜ 'ਆਪ' ਦਾ ਬਦਲਾਅ ਵੀ ਫੇਲ੍ਹ ਹੋ ਚੁੱਕਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪਿੰਡ ਮਾਮੂਪੁਰ ਵਿਖੇ ਬਸਪਾ ਆਗੂ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਤੇ 'ਆਪ' ਨੇ ਪੰਜਾਬ ਨੂੰ ਡਰੱਗ ਮਾਫ਼ੀਆ, ਲੈਂਡ ਮਾਫ਼ੀਆ, ਰੇਤ ਮਾਫ਼ੀਆ ਤੇ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਸੂਬੇ 'ਚ ਸਿਹਤ ਅਤੇ ਸਿੱਖਿਆ ਦੀ ਸਥਿਤੀ ਵੀ ਪੂਰੀ ਤਰ੍ਹਾਂ ਡਾਵਾਂ-ਡੋਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਦੇ ਸਿਰ 'ਤੇ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹੁਣ ਤੱਕ ਰਹੇ ਮੁੱਖ ਮੰਤਰੀਆਂ 'ਤੇ ਕੋਈ ਕਰਜਾ ਨਹੀਂ ਹੈ, ਪਰ ਇਨ੍ਹਾਂ ਨੇ ਪੰਜਾਬ ਨੂੰ ਕਰਜਈ ਕਰ ਦਿੱਤਾ ਹੈ | ਉਨ੍ਹਾਂ 'ਆਪ' ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਅੱਜ ਪੰਜਾਬ 'ਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਤੇ ਤਾਨਾਸ਼ਾਹੀ ਰਵੱਈਏ ਕਾਰਨ ਪੱਤਰਕਾਰਾਂ ਖ਼ਿਲਾਫ਼ ਵੀ ਪਰਚੇ ਦਰਜ ਹੋ ਰਹੇ ਹਨ | ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਸੰਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕਰੀਮਪੁਰੀ ਨੇ ਕਿਹਾ ਕਿ ਕਾਂਗਰਸ ਦੀ ਸਿਆਸੀ ਤੌਰ 'ਤੇ ਮੌਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਦਿੱਤੇ ਜਾ ਰਹੇ ਬਿਆਨ ਜਿਥੇ ਅਸੱਭਿਅਕ ਹਨ, ਉੱਥੇ ਹੀ ਉਨ੍ਹਾਂ ਦੀ ਭਾਸ਼ਾ ਦਾ ਮਿਆਰ ਵੀ ਡਿੱਗ ਚੁੱਕਾ ਹੈ ਭਾਵੇਂ ਇਹ ਬਿਆਨ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਫ਼ਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਿਉਂ ਨਾ ਹੋਵੇ | ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਲੋਂ ਸਾਂਝੀਵਾਲਤਾ ਦੀ ਪ੍ਰਤੀਕ ਪੰਜਾਬ ਦੀ ਧਰਤੀ 'ਤੇ ਨਫਰਤੀ ਏਜੰਡਾ ਚਲਾਇਆ ਜਾ ਰਿਹਾ ਹੈ, ਪਰ ਇਹ ਪਾਰਟੀਆਂ ਆਪਣੇ ਮਨਸੂਬਿਆਂ 'ਚ ਸਫ਼ਲ ਨਹੀਂ ਹੋਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁੱਖ ਮੁੱਦਿਆਂ ਤੋਂ ਭਟਕਾਉਣ ਲਈ ਹੀ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸ੍ਰੀ ਅਕਾਲ ਸਾਹਿਬ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਅਸਲ 'ਚ ਹੁਣ ਤੱਕ ਪੰਜਾਬ 'ਚ ਸੱਤਾ ਦਾ ਅਨੰਦ ਮਾਣਨ ਵਾਲੀਆਂ ਪਾਰਟੀਆਂ ਨੇ ਸੂਬੇ ਨੂੰ ਬਰਬਾਦੀ ਤੇ ਬਦਹਾਲੀ ਵੱਲ ਧੱਕਿਆ ਹੈ, ਜਿਸ 'ਚੋਂ ਪੰਜਾਬੀਆਂ ਨੂੰ ਕੱਢਣ ਲਈ ਬਸਪਾ ਵਲੋਂ 'ਪੰਜਾਬ ਸੰਭਾਲੋ ਮੁਹਿੰਮ' ਤੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਸਿਆਸੀ ਪਾਰਟੀ ਨੂੰ ਛੱਡ ਕੇ ਸੂਬੇ 'ਚ ਬਸਪਾ ਦੀ ਸਰਕਾਰ ਬਣਾਉਣ ਲਈ ਅੱਗੇ ਆਉਣ | ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਤੇ ਜਸਬੀਰ ਸਿੰਘ ਰਡਿਆਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖੋਜ-ਪੁਸਤਕ 'ਪੁਆਧ : ਖ਼ਾਲਸਾ ਪੰਥ ਦੀ ਜਨਮ-ਭੂਮੀ' 'ਤੇ ਵਿਚਾਰ-ਚਰਚਾ 28 ਨੂੰ <br/> ਅਗਲੀ ਖ਼ਬਰ ਖਰੜ 'ਚ ਵਿਧਾਇਕ ਅਨਮੋਲ ਗਗਨ ਮਾਨ ਦੀ ਹਾਜ਼ਰੀ 'ਚ ਲਾਈਵ ਕਾਸਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।