ਮਾਜਰੀ, 13 ਫਰਵਰੀ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਬਲਾਕ ਪ੍ਰਧਾਨ ਬਲਜੀਤ ਕੌਰ ਰਕੌਲੀ ਦੀ ਅਗਵਾਈ ਹੇਠ ਬਲਾਕ ਮਾਜਰੀ ਚੌਕ 'ਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ, ਕਿਉਂਕਿ ਇਸ ਬਜਟ 'ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਨਾਲ ਹੀ ਉਨ੍ਹਾਂ ਦੇ ਮਾਣ-ਭੱਤੇ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅਕਤੂਬਰ 2025 'ਚ ਆਈ. ਸੀ. ਡੀ. ਐੱਸ. ਸਕੀਮ ਨੂੰ ਪੂਰੇ 50 ਸਾਲ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਵਲੋਂ ਵਰਕਰਾਂ ਨੂੰ 4500 ਰੁਪਏ ਤੇ ਹੈਲਪਰਾਂ 2250 ਰੁਪਏ ਮਾਣ ਭੱਤੇ ਦੇ ਰੂਪ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਨਾਮਾਤਰ ਭੱਤੇ 'ਤੇ ਵਰਕਰਾਂ ਤੇ ਹੈਲਪਰਾਂ ਕੋਲੋਂ ਵਾਧੂ ਕੰਮ ਲੈ ਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਰਕਰਾਂ/ਹੈਲਪਰਾਂ ਨੂੰ ਗ੍ਰੇਡ ਦੇਵੇ, ਉਨ੍ਹਾਂ ਨੂੰ ਰੈਗੂਲਰ ਕਰੇ, ਵਰਕਰਾਂ ਤੇ ਹੈਲਪਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ 'ਚ ਲੈ ਕੇ ਆਵੇ, ਵਰਕਰਾਂ ਨੂੰ 24 ਹਜ਼ਾਰ ਰੁ. ਤੇ ਹੈਲਪਰਾਂ ਨੂੰ 18 ਹਜ਼ਾਰ ਰੁ. ਮਾਣ-ਭੱਤਾ ਦਿੱਤਾ ਜਾਵੇ | ਇਸ ਮੌਕੇ ਆਂਗਣਵਾੜੀ ਵਰਕਰਾਂ/ਹੈਲਪਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਨੀਤੂ ਰਾਣੀ, ਸੁਖਵਿੰਦਰ ਕੌਰ, ਸੁਰਿੰਦਰ ਕੌਰ, ਨੀਸ਼ਾ ਕੌਸ਼ਲ, ਸੀਮਾ, ਸਰਬਜੀਤ ਕੌਰ ਤੇ ਸੁਨੀਤਾ ਰਾਣੀ ਤੋਂ ਇਲਾਵਾ ਹੋਰ ਵੀ ਆਂਗਣਵਾੜੀ ਵਰਕਰ ਤੇ ਹੈਲਪਰ ਹਾਜ਼ਰ ਸਨ |