ਐੱਸ. ਏ. ਐੱਸ. ਨਗਰ, 13 ਫਰਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰਨ ਤੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਦੁਬਈ ਇੰਟਰਨੈਸ਼ਨਲ ਬਿਜ਼ਨੈੱਸ ਵਲੋਂ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ 'ਰਾਈਜ਼ਿੰਗ ਪੰਜਾਬ ਸਮਿੱਟ' ਨਾਮਕ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ 'ਚ ਸਿੱਖਿਆ, ਖੇਤੀਬਾੜੀ, ਖੇਡਾਂ, ਰਾਜਨੀਤੀ, ਧਰਮ ਅਤੇ ਸਿਹਤ ਦੇ ਖੇਤਰ ਨਾਲ ਸੰਬੰਧਿਤ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਪਸ਼ੂ-ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਪੰਜਾਬ ਦੀ ਤਰੱਕੀ ਦਾ ਮੁੱਖ ਆਧਾਰ ਦੱਸਿਆ | ਇਸ ਮੌਕੇ ਸਾਬਕਾ ਸੰਸਦ ਮੈਂਬਰ ਅਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੇ ਵੀ ਵਿਚਾਰ ਸਾਂਝੇ ਕਰਦਿਆਂ ਸਮਾਜਿਕ ਚੇਤਨਾ 'ਚ ਕਲਾ ਤੇ ਸੰਗੀਤ ਦੀ ਭੂਮਿਕਾ ਨੂੰ ਉਜਾਗਰ ਕੀਤਾ | ਇਸ ਤੋਂ ਬਾਅਦ ਭਾਈ ਹਰਪਾਲ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ), ਗਿਆਨੀ ਹਰਪ੍ਰੀਤ ਸਿੰਘ, ਕਰਤਾਰ ਸਿੰਘ ਪਹਿਲਵਾਨ, ਅਦਾਕਾਰ ਗੁਰਪ੍ਰੀਤ ਘੁੱਗੀ, ਡਾ. ਰਮਨਦੀਪ ਕੌਰ, ਰਣਦੀਪ ਸਿੰਘ (ਮਾਨਸਿਕ ਸਿਹਤ ਮਾਹਿਰ), ਗਿੱਲ ਰੌਂਤਾ ਤੇ ਜਰਨੈਲ ਸਿੰਘ ਆਦਿ ਨੇ ਵੀ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਮੂਹਿਕ ਜ਼ਿੰਮੇਵਾਰੀ ਅਤੇ ਨਵੇਂ ਵਿਚਾਰਾਂ ਦੀ ਮਹੱਤਤਾ 'ਤੇ ਚਰਚਾ ਕੀਤੀ | ਦੁਬਈ ਇੰਟਰਨੈਸ਼ਨਲ ਬਿਜ਼ਨੈੱਸ ਵਲੋਂ ਕਰਵਾਏ ਗਏ ਅਤੇ ਅਮਨਦੀਪ ਸਿੰਘ, ਮਨਜਿੰਦਰ ਸਿੰਘ ਤੇ ਨਵਨੀਤ ਸਿੰਘ ਦੇ ਤਾਲਮੇਲ ਵਾਲੇ ਇਸ ਸਮਾਗਮ ਦਾ ਮੁੱਖ ਉਦੇਸ਼ ਨੀਤੀ ਘੜਨ ਵਾਲਿਆਂ ਅਤੇ ਮਾਹਿਰਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਨਾ ਸੀ | ਅੰਤ 'ਚ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਪੰਜਾਬ 'ਚ ਹਰ ਖੇਤਰ 'ਚ ਅਥਾਹ ਸਮਰੱਥਾ ਹੈ | 'ਰਾਈਜ਼ਿੰਗ ਪੰਜਾਬ ਸਮਿੱਟ' ਰਾਹੀਂ ਸਾਡਾ ਉਦੇਸ਼ ਅਜਿਹੀ ਗੱਲਬਾਤ ਦਾ ਦੌਰ ਸ਼ੁਰੂ ਕਰਨਾ ਹੈ, ਜੋ ਕਿ ਨੌਜਵਾਨਾਂ ਅਤੇ ਸਮਾਜ ਲਈ ਸਾਰਥਿਕ ਨਤੀਜੇ ਲੈ ਕੇ ਆਵੇ | ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ |