ਐੱਸ. ਏ. ਐੱਸ. ਨਗਰ, 19 ਫਰਵਰੀ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਫੇਜ਼-11 ਅਧੀਨ ਪੈਂਦੇ ਖੇਤਰ 'ਚ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਦੋ ਨਾਬਾਲਗਾਂ ਸਮੇਤ 12 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ, ਜਦਕਿ 6 ਹੋਰਨਾਂ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਸੰਬੰਧ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ 14-15 ਫਰਵਰੀ ਦੀ ਦਰਮਿਆਨੀ ਰਾਤ ਨੂੰ ਕਰੀਬ 12.40 ਵਜੇ ਗੁਰਸੇਵਕ ਸਿੰਘ ਮੰਦਰ ਵਿਖੇ ਮੱਥਾ ਟੇਕਣ ਲਈ ਗਿਆ ਹੋਇਆ ਸੀ | ਉਸ ਸਮੇਂ ਮੰਦਰ ਨੇੜੇ 15-20 ਨੌਜਵਾਨ ਮੋਟਰਸਾਈਕਲਾਂ ਦੀ ਦੌੜ ਲਗਾ ਰਹੇ ਸਨ, ਜਿਨ੍ਹਾਂ ਨੂੰ ਟੋਕਣ 'ਤੇ ਇਕ ਨੌਜਵਾਨ ਨੇ ਆਪਣੇ ਡੱਬ 'ਚੋਂ ਕਿਰਚ ਕੱਢ ਕੇ ਗੁਰਸੇਵ ਸਿੰਘ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਸੀ ਅਤੇ ਫ਼ਿਰ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ | ਗੰਭੀਰ ਜ਼ਖ਼ਮੀ ਹਾਲਤ 'ਚ ਗੁਰਸੇਵਕ ਸਿੰਘ ਨੂੰ ਸਥਾਨਕ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ | ਇਸ ਸੰਬੰਧੀ ਥਾਣਾ ਫੇਜ਼-11 ਵਿਖੇ ਧਾਰਾ 109, 118 (1), 77, 190, 191 (3) ਭਾਰਤੀ ਨਿਆਂ ਸੰਹਿਤਾ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਬਾਅਦ ਵਿਚ ਮਾਮਲੇ ਵਿਚ ਕਤਲ ਦੀ ਧਾਰਾ ਦਾ ਵਾਧਾ ਕੀਤਾ ਗਿਆ ਸੀ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਦੋ ਨਾਬਾਲਗਾਂ ਨੂੰ ਹੁਸ਼ਿਆਰਪੁਰ ਦੇ ਅਬਜ਼ਰਵੇਸ਼ਨ ਹੋਮ ਵਿਖੇ ਭੇਜ ਦਿੱਤਾ ਗਿਆ ਹੈ, ਜਦਕਿ ਹੋਰਨਾਂ ਮੁਲਜ਼ਮਾਂ 'ਚ ਸ਼ਾਮ ਸੁੰਦਰ ਠਾਕੁਰ, ਤੇਜਬੀਰ ਤੇ ਉਸ ਦਾ ਪੁੱਤਰ ਗੌਰਵ, ਰਾਕੇਸ਼ ਕੁਮਾਰ, ਆਦਰਸ਼ ਉਰਫ ਬਿੱਲਾ ਤੇ ਉਸ ਦਾ ਪਿਤਾ ਸੋਮਵੀਰ, ਜਤਿੰਦਰ ਸਿੰਘ, ਮੋਹਿਤ, ਦਿਨੇਸ਼ ਅਤੇ ਅਭਿਮਨ ਉਰਫ਼ ਅਭੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਨਾਮਜ਼ਦ ਬਾਕੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ ਸਪਲੈਂਡਰ ਮੋਟਰਸਾਈਕਲ, ਇਕ ਬੁਲਟ ਮੋਟਰਸਾਈਕਲ ਅਤੇ ਵਾਰਦਾਤ ਵਿਚ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਸਾਰੇ ਗਿ੍ਫ਼ਤਾਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ 20 ਫਰਵਰੀ ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਦੌਰਾਨ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ | ਐਸ. ਪੀ. ਸਿਟੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ 'ਚ ਕੁੱਲ 18 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 12 ਗਿ੍ਫ਼ਤਾਰ ਹੋ ਚੁੱਕੇ ਹਨ, ਜਦਕਿ 6 ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਐੱਸ. ਐੱਚ. ਓ. ਥਾਣਾ ਫੇਜ਼-11 ਯੋਗੇਸ਼ ਕੁਮਾਰ ਆਦਿ ਵੀ ਹਾਜ਼ਰ ਸਨ |