ਖਰੜ, 19 ਫਰਵਰੀ (ਗੁਰਮੁੱਖ ਸਿੰਘ ਮਾਨ)-ਭਾਰਤ ਸਰਕਾਰ ਵਲੋਂ ਭਾਰਤ-ਅਮਰੀਕਾ ਨਾਲ ਕੀਤਾ ਗਿਆ ਅੰਤਰਿਮ ਵਪਾਰ ਸਮਝੌਤਾ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਵਿਸ਼ਵਾਸ਼ਘਾਤ ਹੈ ਅਤੇ ਇਸ ਸਮਝੌਤੇ ਨਾਲ ਪੰਜਾਬ ਦਾ ਕਿਸਾਨ ਤਬਾਹ ਹੋ ਜਾਵੇਗਾ | ਇਹ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਤੇ ਪਿੰਡ ਤੋਲੇ ਮਾਜਰਾ ਦੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਦੇ ਸਾਰੇ ਸੂਬਿਆਂ ਦੇ ਕਿਸਾਨ ਕੇਂਦਰ ਸਰਕਾਰ ਦੇ ਇਸ ਵਪਾਰਕ ਸਮਝੌਤੇ ਦੇ ਖਿਲਾਫ ਸੰਘਰਸ਼ ਵਿੱਢਣ ਲਈ ਮੀਟਿੰਗਾਂ ਕਰ ਰਹੇ ਹਨ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਕੇਂਦਰ ਵਿਚਲੀ ਭਾਜਪਾ ਸਰਕਾਰ ਵਲੋਂ ਖੇਤੀਬਾੜੀ ਦੇ ਕਾਲੇ ਕਾਨੂੰਨ ਲਿਆਂਦੇ ਗਏ ਸਨ, ਉਸ ਸਮੇਂ ਵੀ ਦੇਸ਼ ਦੇ ਕਿਸਾਨਾਂ ਵਲੋਂ ਸਰਕਾਰ ਦੇ ਖਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਰੋਸ ਧਰਨੇ ਦੇ ਕੇ ਵੱਡਾ ਸੰਘਰਸ਼ ਕੀਤਾ ਗਿਆ ਸੀ ਅਤੇ ਉਦੋਂ ਵੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਗੋਡੇ ਟੇਕਣੇ ਪਏ ਸਨ ਅਤੇ ਇਹ ਖੇਤੀਬਾੜੀ ਦੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ | ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰਜ਼ 'ਤੇ ਹੁਣ ਦੇਸ਼ ਵਿਚਲੀ ਭਾਜਪਾ ਸਰਕਾਰ ਵਲੋਂ ਅਮਰੀਕਾ ਦੇ ਰਾਸਟਰਪਤੀ ਅੱਗੇ ਗੋਡੇ ਟੇਕਦੇ ਹੋਏ ਭਾਰਤ-ਅਮਰੀਕਾ ਵਾਪਰਕ ਸਮਝੌਤਾ ਕਰਕੇ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਲਈ ਜੋ ਕਦਮ ਚੁੱਕਿਆ ਗਿਆ ਹੈ, ਉਸਨੂੰ ਦੇਸ਼ ਦਾ ਕਿਸਾਨ ਕਦੇ ਵੀ ਮੁਆਫ ਨਹੀਂ ਕਰੇਗਾ | ਕਾਂਗਰਸੀ ਆਗੂ ਨੇ ਭਾਰਤ-ਅਮਰੀਕਾ ਸਮਝੌਤੇ ਨੂੰ ਲੈ ਕੇ ਪੰਜਾਬ ਦੀ ਮੌਜ਼ੂਦਾ 'ਆਪ' ਸਰਕਾਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ 'ਤੇ ਲੱਗੀ ਹੋਈ ਹੈ | ਉਨ੍ਹਾਂ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਵਾਪਰਕ ਸਮਝੌਤੇ ਬਾਰੇ ਆਪਣੇ ਪੱਖ ਸਪੱਸ਼ਟ ਕਰੇ |