ਜ਼ੀਰਕਪੁਰ, 27 ਫਰਵਰੀ (ਮਨਿੰਦਰ ਸਿੰਘ)- ਢਕੌਲੀ ਪੁਲਿਸ ਨੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਸ਼ਾਮਿਲ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਮੁਲਜ਼ਮਾਂ ਤੋਂ ਦੋ ਸੋਨੇ ਦੀਆਂ ਚੇਨਾਂ, ਬਿਨਾਂ ਨੰਬਰ ਪਲੇਟ ਵਾਲਾ ਐਕਟਿਵਾ ਤੇ ਇਕ ਲਾਈਟਰ ਪਿਸਤੌਲ ਬਰਾਮਦ ਕੀਤਾ ਗਿਆ ਹੈ | ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ (42), ਅੰਮਿ੍ਤਪਾਲ (27) ਵਾਸੀ ਤਰਨਤਾਰਨ ਤੇ ਮਨਪ੍ਰੀਤ ਸਿੰਘ (19) ਤੇ ਲਵਪ੍ਰੀਤ ਸਿੰਘ ਵਾਸੀ ਅੰਮਿ੍ਤਸਰ ਵਜੋਂ ਹੋਈ ਹੈ | ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਅੰਮਿ੍ਤਸਰ ਤੋਂ ਅਪਰਾਧ ਕਰਨ ਲਈ ਢਕੌਲੀ ਖੇਤਰ 'ਚ ਆਏ ਤੇ ਅਪਰਾਧ ਕਰਨ ਤੋਂ ਬਾਅਦ ਵਾਪਸ ਚਲੇ ਗਏ | ਬੀਤੀ ਨਵੰਬਰ ਮਹੀਨੇ 'ਚ ਗੁਰੂ ਨਾਨਕ ਇਨਕਲੇਵ ਵਿਖੇ ਇਕ ਮਹਿਲਾ ਤੋਂ ਸੋਨੇ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪਿ੍ਯੰਕਾ ਵਾਸੀ ਸੀਡਾਰ-1 ਓਪੇਰਾ ਗਾਰਡਨ ਢਕੌਲੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 26 ਨਵੰਬਰ ਨੂੰ ਉਹ ਗੁਰੂ ਨਾਨਕ ਇਨਕਲੇਵ ਦੇ ਗੇਟ ਨੰ. 1 ਦੇ ਸਾਹਮਣੇ ਖੜ੍ਹੀ ਸੀ | ਇਸ ਦੌਰਾਨ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉਸ ਕੋਲ ਆਏ ਤੇ ਉਸ ਦੇ ਗਲੇ ਤੋਂ ਸੋਨੇ ਦੀ ਚੇਨ ਖਿੱਚ ਕੇ ਭੱਜ ਗਏ | ਉਸ ਨੇ ਦੱਸਿਆ ਕਿ ਮੋਟਰਸਾਈਕਲ ਦੀ ਨੰਬਰ ਪਲੇਟ ਪੜ੍ਹਨਯੋਗ ਨਹੀਂ ਸੀ | ਪੀੜਤ ਦੇ ਅਨੁਸਾਰ ਮੋਟਰਸਾਈਕਲ ਚਲਾਉਣ ਵਾਲਾ ਮੋਨਾ ਸੀ, ਜਦਕਿ ਪਿੱਛੇ ਬੈਠਾ ਵਿਅਕਤੀ ਸਿੱਖ ਸੀ | ਸ਼ਿਕਾਇਤ ਦੇ ਆਧਾਰ 'ਤੇ ਢਕੌਲੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ | ਮਨੁੱਖੀ ਤੇ ਤਕਨੀਕੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਨੇ ਸ਼ੁਰੂ 'ਚ ਦੋ ਸ਼ੱਕੀਆਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਆਧਾਰ 'ਤੇ ਦੋ ਹੋਰ ਗੈਂਗ ਮੈਂਬਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਅਪਰਾਧਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ | ਸੰਭਾਵਨਾ ਹੈ ਕਿ ਉਹ ਇਲਾਕੇ 'ਚ ਹੋਰ ਵੀ ਲੁੱਟ ਖੋਹ ਦੀਆਂ ਘਟਨਾਵਾਂ ਨਾਲ ਜੁੜੇ ਹੋ ਸਕਦੇ ਹਨ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |