ਚੰਡੀਗੜ੍ਹ, 28 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਦੇ ਛੋਟੇ ਵਿਦਿਆਰਥੀਆਂ ਦੇ ਸਕੂਲ ਬਸਤੇ (ਬੈਗ) ਸੰਬੰਧੀ ਸਿੱਖਿਆ ਵਿਭਾਗ ਚੰਡੀਗੜ੍ਹ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹਨ | ਜਾਰੀ ਆਦੇਸ਼ਾਂ ਅਨੁਸਾਰ ਸਕੂਲ ਬਸਤੇ ਦਾ ਭਾਰ ਵਿਦਿਆਰਥੀ ਦੇ ਕੁੱਲ ਸਰੀਰਕ ਭਾਰ ਦੇ 10 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਅਤੇ ਹਰੇਕ ਜਮਾਤ ਲਈ ਵਿਸ਼ੇ ਅਨੁਸਾਰੀ ਕਿਤਾਬਾਂ ਲਿਆਉਣ ਦਾ ਦਿਨ ਵੀ ਨਿਸ਼ਚਿਤ ਕੀਤਾ ਜਾਵੇ | ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਮਾਨਤਾ ਪ੍ਰਾਪਤ ਸਕੂਲਾਂ ਨੂੰ ਸਕੂਲ ਬੈਗ ਸੰਬੰਧੀ ਇੱਕ ਨਿਰਦੇਸ਼ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਪ੍ਰੀ ਪ੍ਰਾਇਮਰੀ ਜਮਾਤ ਤੋਂ ਲੈ ਕੇ 12 ਜਮਾਤਾਂ ਦੇ ਸਕੂਲ ਬੈਗ ਸੰਬੰਧੀ ਨਿਰਦੇਸ਼ ਦਿੱਤੇ ਗਏ ਹਨ | ਵਿਦਿਆਰਥੀਆਂ ਦੇ ਸਕੂਲ ਬੈਗ ਨਿਰਧਾਰਤ ਅਤੇ ਨਿਗਰਾਨੀ ਲਈ 'ਸਕੂਲ ਬੈਗ ਮੋਨੀਟਰਿੰਗ ਕਮੇਟੀ' ਬਣਾਉਣ ਲਈ ਸਕੂਲ ਮੁਖੀ ਨੂੰ ਪਾਬੰਦ ਕੀਤਾ ਗਿਆ ਹੈ | ਜਾਰੀ ਨਿਰਦੇਸ਼ਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀ ਦੇ ਕੁੱਲ ਭਾਰ ਦੇ 10 ਫੀਸਦ ਤੋਂ ਜ਼ਿਆਦਾ ਸਕੂਲ ਬੈਗ ਦਾ ਭਾਰ ਨਹੀਂ ਹੋਣਾ ਚਾਹੀਦਾ ਹੈ | ਜਮਾਤਾਂ ਵਿਚ ਪੜ੍ਹਾਉਣ ਲਈ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਸਿਲੇਬਸ ਦੀਆਂ ਨਿਰਧਾਰਤ ਕਿਤਾਬਾਂ ਹੀ ਵਰਤੀਆਂ ਜਾਣ | ਕੋਈ ਵੀ ਵਾਧੂ ਸਹਾਇਕ ਕਿਤਾਬ, ਗਾਇਡ ਅਤੇ ਕੰਮ ਕਿਤਾਬ ਸਕੂਲ ਲਿਆਉਣੀ ਜ਼ਰੂਰੀ ਨਾ ਕੀਤੀ ਜਾਵੇ | ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਜਮਾਤਾਂ ਵਿਚ ਵਿਸ਼ੇ ਪੜ੍ਹਾਉਣ ਲਈ ਦਿਨ ਨਿਸ਼ਚਤ ਕੀਤੇ ਜਾਣ ਤਾਂ ਜੋ ਵਿਦਿਆਰਥੀ ਸੰਬੰਧਤ ਵਿਸ਼ੇ ਦੀਆਂ ਹੀ ਕਿਤਾਬਾਂ ਲੈ ਕੇ ਆਉਣ | ਸਕੂਲ ਦੇ ਜਮਾਤ ਕਮਰਿਆਂ ਵਿਚ ਲਾਕਰ ਜਾਂ ਸੈੱਲਫ਼ ਆਦਿ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਨਿਰਧਾਰਤ ਸਕੂਲ ਬੈਗ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਣ ਲਈ ਵੀ ਆਖਿਆ ਗਿਆ ਹੈ |