03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਨੌਜਵਾਨਾਂ ਨੂੰ ਨਸ਼ਿਆਂ ਅਤੇ ਨਕਾਰਾਤਮਕ ਰੁਝਾਨਾਂ ਤੋਂ ਦੂਰ ਰੱਖਣ ਲਈ ਖੇਡਾਂ ਜ਼ਰੂਰੀ– ਰਾਜਪਾਲ ਕਟਾਰੀਆ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹਿਲੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੌਰਾਨ ਸੀ.ਪੀ.ਡੀ.ਐਲ ਦੇ ਡਾਇਰੈਕਟਰ ਡਾਇਰੈਕਟਰ ਅਰੁਣ ਕੁਮਾਰ ਵਰਮਾ ਤੇ ਵਾਈਸ ਪ੍ਰਧਾਨ ਪ੍ਰਮੋਦ ਮਿਸ਼ਰਾ ਦਾ ਸਨਮਾਨ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 02-03-2026
ਚੰਡੀਗੜ੍ਹ, 1 ਮਾਰਚ (ਸੰਦੀਪ ਕੁਮਾਰ ਮਾਹਨਾ) –ਸ਼ਹਿਰ 'ਚ ਪਹਿਲੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਚੰਡੀਗੜ੍ਹ ਪਾਵਰ ਡਿਸਟਿ੍ਬਿਊਸ਼ਨ ਲਿਮਟਿਡ (ਸੀ.ਪੀ.ਡੀ.ਐਲ) ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਅਤੇ ਵਾਈਸ ਪ੍ਰਧਾਨ ਪ੍ਰਮੋਦ ਮਿਸ਼ਰਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਹ ਮੌਕਾ ਖੇਡ ਪ੍ਰੇਮੀਆਂ ਅਤੇ ਸਮਾਜਿਕ ਸੰਸਥਾਵਾਂ ਲਈ ਯਾਦਗਾਰ ਬਣ ਗਿਆ | ਰਾਜਪਾਲ ਕਟਾਰੀਆ ਨੇ ਕਿਹਾ ਕਿ ਮੈਰਾਥਨ ਵਰਗੇ ਖੇਡ ਸਮਾਗਮ ਸਿਰਫ਼ ਦੌੜ ਮੁਕਾਬਲੇ ਨਹੀਂ ਹੁੰਦੇ, ਸਗੋਂ ਇਹ ਸਮਾਜਿਕ ਏਕਤਾ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਪ੍ਰਤੀਕ ਹਨ | ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਨਕਾਰਾਤਮਕ ਰੁਝਾਨਾਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ | ਚੰਡੀਗੜ੍ਹ ਵਰਗਾ ਸ਼ਹਿਰ ਖੇਡ ਗਤੀਵਿਧੀਆਂ ਲਈ ਉਚਿੱਤ ਮਾਹੌਲ ਰੱਖਦਾ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਹਿਰ ਦੀ ਪਹਿਚਾਣ ਨੂੰ ਮਜ਼ਬੂਤ ਕਰਦੇ ਹਨ | ਸੀ.ਪੀ.ਡੀ.ਐਲ ਦੀ ਭੂਮਿਕਾ ਦੀ ਭਰਪੂਰ ਸਰਾਹਨਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਸੰਸਥਾ ਵਲੋਂ ਖੇਡ ਅਤੇ ਸਮਾਜਿਕ ਉਪਰਾਲਿਆਂ 'ਚ ਦਿੱਤਾ ਜਾ ਰਿਹਾ ਯੋਗਦਾਨ ਸਰਾਹਨਾ ਯੋਗ ਹੈ | ਉਨ੍ਹਾਂ ਨੇ ਅਰੁਣ ਕੁਮਾਰ ਵਰਮਾ ਅਤੇ ਪ੍ਰਮੋਦ ਮਿਸ਼ਰਾ ਨੂੰ ਮਾਨ-ਪੱਤਰ ਅਤੇ ਯਾਦਗਾਰੀ ਚਿੰਨ ਭੇਟ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਸਮਰਪਿਤ ਸੇਵਾ ਅਤੇ ਉੱਦਮਸ਼ੀਲਤਾ ਦਾ ਪ੍ਰਤੀਕ ਹੈ | ਸੀ.ਪੀ.ਡੀ.ਐਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਸਨਮਾਨ ਹਾਸਿਲ ਕਰਨ ਉਪਰੰਤ ਕਿਹਾ ਕਿ ਇਹ ਮਾਣ-ਸਨਮਾਨ ਪੂਰੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਸੀ.ਪੀ.ਡੀ.ਐਲ ਹਮੇਸ਼ਾ ਸਮਾਜਿਕ ਅਤੇ ਖੇਡ ਗਤੀਵਿਧੀਆਂ 'ਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਅਤੇ ਭਵਿੱਖ 'ਚ ਵੀ ਇਹ ਯਤਨ ਜਾਰੀ ਰਹਿਣਗੇ | ਵਾਈਸ ਪ੍ਰਧਾਨ ਪ੍ਰਮੋਦ ਮਿਸ਼ਰਾ ਨੇ ਕਿਹਾ ਕਿ ਮੈਰਾਥਨ ਵਰਗੇ ਸਮਾਗਮ ਲੋਕਾਂ 'ਚ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦੇ ਹਨ |
ਮੈਰਾਥਨ ਵਿਚ ਵੱਖ-ਵੱਖ ਉਮਰ ਵਰਗਾਂ ਦੇ ਦੌੜਾਕਾਂ ਨੇ ਹਿੱਸਾ ਲਿਆ | ਸਵੇਰੇ ਸਵੇਰੇ ਸ਼ੁਰੂ ਹੋਈ ਦੌੜ ਦੌਰਾਨ ਸ਼ਹਿਰ ਦੇ ਵੱਖ-ਵੱਖ ਮਾਰਗਾਂ 'ਤੇ ਜੋਸ਼ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ | ਸਮਾਗਮ ਦੇ ਪ੍ਰਬੰਧਕਾਂ ਵਲੋਂ ਸੁਰੱਖਿਆ ਅਤੇ ਮੈਡੀਕਲ ਸਹੂਲਤਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ | ਦੌੜ ਦੇ ਆਖ਼ਰ ਵਿਚ ਜੇਤੂਆਂ ਨੂੰ ਇਨਾਮ ਰਾਸ਼ੀ ਅਤੇ ਟ੍ਰਾਫੀਆਂ ਨਾਲ ਨਿਵਾਜਿਆ ਗਿਆ, ਜਦਕਿ ਸਾਰੇ ਹਿੱਸੇਦਾਰਾਂ ਨੂੰ ਯਾਦਗਾਰੀ ਮੈਡਲ ਪ੍ਰਦਾਨ ਕੀਤੇ ਗਏ | ਇਸ ਮੌਕੇ 'ਤੇ ਸ਼ਹਿਰ ਦੀਆਂ ਕਈ ਸਮਾਜਿਕ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ | ਸੀ.ਪੀ.ਡੀ.ਐਲ ਦੇ ਅਧਿਕਾਰੀਆਂ ਦਾ ਰਾਜਪਾਲ ਵਲੋਂ ਕੀਤਾ ਗਿਆ ਸਨਮਾਨ ਇਸ ਸਮਾਗਮ ਦੀ ਵਿਸ਼ੇਸ਼ਤਾ ਬਣਿਆ ਰਿਹਾ |
ਪਿਛਲੀ ਖ਼ਬਰ ਪਿ੍ੰ. ਗੁਰਦੇਵ ਪਾਲ ਦੀ ਸਵੈ-ਜੀਵਨੀ 'ਸੁਪਨਿਆਂ ਦੀ ਤਾਮੀਰ' ਦਾ ਲੋਕ ਅਰਪਣ ਲਿਖਤਾਂ 'ਚ ਯਾਦਾਂ ਦਾ ਸਹਾਰਾ ਮਿਆਰੀ ਸਾਹਿਤ... ਅਗਲੀ ਖ਼ਬਰ ਭਾਜਪਾ ਨੇਤਾ ਸੰਜੇ ਟੰਡਨ ਤੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਮੁਫ਼ਤ ਮੈਡੀਕਲ ਕੈਂਪ 'ਚ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।