22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜ਼ੀਰਕਪੁਰ ਤੋਂ ਕਾਰੋਬਾਰੀ ਨੂੰ ਅਗਵਾ ਕਰਨ ਦੇ ਮਾਮਲੇ 'ਚ 4 ਮੁਲਜ਼ਮ ਗਿ੍ਫ਼ਤਾਰ <br/>

ਅਜੀਤ ਡੈਸਕ 03-05-2026
ਐੱਸ. ਏ. ਐੱਸ. ਨਗਰ, 2 ਮਈ (ਕਪਿਲ ਵਧਵਾ)- ਜ਼ੀਰਕਪੁਰ ਦੇ ਵੀ. ਆਈ. ਪੀ. ਰੋਡ 'ਤੇ ਸਥਿਤ ਰਾਇਲ ਜੰਕਸ਼ਨ ਤੋਂ ਇਕ ਕਾਰੋਬਾਰੀ ਨੂੰ ਅਗਵਾ ਕਰਨ ਦੇ ਮਾਮਲੇ ਸੰਬੰਧੀ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਅਗਵਾ ਕੀਤੇ ਗਏ ਕਾਰੋਬਾਰੀ ਨੀਰਜ ਕੱਕੜ ਵਾਸੀ ਜਲੰਧਰ ਨੂੰ ਵੀ ਮੁਲਜ਼ਮਾਂ ਦੇ ਚੰਗੁਲ 'ਚੋਂ ਸੁਰੱਖਿਅਤ ਛੁਡਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ. ਪੀ. ਜਾਂਚ ਸੌਰਵ ਜਿੰਦਲ ਨੇ ਦੱਸਿਆ ਕਿ 30 ਅਪ੍ਰੈਲ ਸ਼ਾਮ ਕਰੀਬ 6:45 ਵਜੇ ਨੀਰਜ ਕੱਕੜ ਆਪਣੇ ਦੋਸਤਾਂ ਨਾਲ ਰਾਇਲ ਜੰਕਸ਼ਨ ਵਿਖੇ ਬੈਠਾ ਹੋਇਆ ਸੀ ਜਿਸ ਦੌਰਾਨ ਮਾਸਕ ਪਾਈ ਇਕ ਨੌਜਵਾਨ ਲੜਕੀ ਉਸ ਕੋਲ ਆਈ ਤੇ ਗੱਲਬਾਤ ਕਰਨ ਲੱਗੀ | ਇਸੇ ਦੌਰਾਨ 2 ਨੌਜਵਾਨ ਵੀ ਉਥੇ ਪਹੁੰਚ ਗਏ ਤੇ ਨੀਰਜ ਨੂੰ ਜ਼ਬਰਦਸਤੀ ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗੇ | ਇਸ ਦੌਰਾਨ ਜਦੋਂ ਉਸ ਦੇ ਦੋਸਤਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਪਟਿਆਲਾ ਸੀ. ਆਈ. ਏ. ਦਾ ਅਧਿਕਾਰੀ ਦੱਸਦਿਆਂ ਕਿਹਾ ਕਿ ਨੀਰਜ ਖ਼ਿਲਾਫ਼ ਮਨੀ ਲਾਂਡਰਿੰਗ ਦਾ ਇਕ ਮਾਮਲਾ ਦਰਜ ਹੈ ਤੇ ਉਹ ਉਸ ਨੂੰ ਗਿ੍ਫ਼ਤਾਰ ਕਰਨ ਲਈ ਆਏ ਹਨ | ਪੁਲਿਸ ਅਨੁਸਾਰ ਮੁਲਜ਼ਮ ਨੀਰਜ ਕੱਕੜ ਨੂੰ ਜ਼ਬਰਦਸਤੀ ਚਿੱਟੀ ਸਕਾਰਪੀਓ ਗੱਡੀ (ਨੰ. ਪੀ. ਬੀ. 65-ਪੀ-3341) ਵਿਚ ਬਿਠਾ ਕੇ ਲੈ ਗਏ | ਮਾਮਲੇ ਦੀ ਸੂਚਨਾ ਮਿਲਣ ਉਪਰੰਤ ਥਾਣਾ ਜ਼ੀਰਕਪੁਰ ਵਿਖੇ ਐਫ. ਆਈ. ਆਰ. ਦਰਜ ਕਰਕੇ ਪੁਲਿਸ ਵਲੋਂ ਸੀ. ਆਈ. ਏ. ਸਟਾਫ਼ ਸਮੇਤ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਗਈ | ਐਸ. ਪੀ. ਜਾਂਚ ਨੇ ਦੱਸਿਆ ਕਿ ਇਸ ਮਾਮਲੇ 'ਚ ਤਕਨੀਕੀ ਜਾਂਚ ਤੇ ਸੂਤਰਾਂ ਦੀ ਮਦਦ ਨਾਲ 1 ਮਈ ਨੂੰ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਕਮਲਵੀਰ ਗਰਗ ਵਾਸੀ ਨਾਭਾ, ਹਰਪ੍ਰੀਤ ਸਿੰਘ ਵਾਸੀ ਪਟਿਆਲਾ, ਅਮਨਦੀਪ ਸਿੰਘ ਵਾਸੀ ਪਟਿਆਲਾ ਤੇ ਜਗਸੀਰ ਸਿੰਘ ਵਾਸੀ ਨਾਭਾ ਵਜੋਂ ਹੋਈ ਹੈ | ਐਸ. ਪੀ. ਸੌਰਵ ਜਿੰਦਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਕਮਲਵੀਰ ਗਰਗ ਦਾ ਪੀੜਤ ਨੀਰਜ ਕੱਕੜ ਨਾਲ ਪੈਸਿਆਂ ਦਾ ਲੈਣ-ਦੇਣ ਸੀ | ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਪਹਿਲਾਂ ਰੇਕੀ ਕੀਤੀ ਤੇ ਫਿਰ ਯੋਜਨਾ ਬਣਾ ਕੇ ਉਸਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਅਗਵਾ ਕਰਨ ਤੋਂ ਬਾਅਦ ਨੀਰਜ ਨੂੰ ਨਾਭਾ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਬੰਧਕ ਬਣਾ ਕੇ ਰੱਖਿਆ ਗਿਆ ਸੀ, ਜਿਥੋਂ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੀੜਤ ਨੂੰ ਬਰਾਮਦ ਕੀਤਾ | ਇਸ ਦੇ ਨਾਲ ਹੀ ਵਾਰਦਾਤ 'ਚ ਵਰਤੀ ਗਈ ਚਿੱਟੀ ਸਕਾਰਪੀਓ ਗੱਡੀ ਵੀ ਥਾਣਾ ਜ਼ੀਰਕਪੁਰ ਦੀ ਪੁਲਿਸ ਵਲੋਂ ਜ਼ਬਤ ਕੀਤੀ ਗਈ ਹੈ | ਉਕਤ ਮਾਮਲੇ ਬਾਰੇ ਵਧੇਰੀ ਜਾਣਕਾਰੀ ਦਿੰਦਿਆ ਏ. ਐਸ. ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਕਾਰੋਬਾਰੀ ਨੂੰ ਅਗਵਾ ਕਰਨ ਮੌਕੇ ਜੋ ਲੜਕੀ ਉਸ ਨਾਲ ਗੱਲਬਾਤ ਕਰ ਰਹੀ ਸੀ, ਉਸ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ | ਪੁਲਿਸ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਵਿਚ ਹੋਰ ਕੌਣ-ਕੌਣ ਸ਼ਾਮਿਲ ਸੀ |

ਪਿਛਲੀ ਖ਼ਬਰ ਰਾਜਪਾਲ ਵਲੋਂ ਪੰਜਾਬ ਯੂਨੀਵਰਸਿਟੀ 'ਚ 5ਵੇਂ ਭਾਰਤੀ ਖੇਡ ਉਤਸਵ ਦਾ ਉਦਘਾਟਨ <br/> ਅਗਲੀ ਖ਼ਬਰ 'ਆਪ' ਵਲੋਂ ਚਰਨਜੀਤ ਸਿੰਘ ਪਰੋਵਾਲ ਗੁਰਦਾਸਪੁਰ ਦੇ ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।