16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਰਕਾਰ ਵਲੋਂ ਕੌਂਸਲ ਚੋਣਾਂ 'ਚ ਇਕ ਵਾਰਡ ਦੀਆਂ ਵੋਟਾਂ ਦੂਜੇ ਵਾਰਡਾਂ 'ਚ ਤਬਦੀਲ ਕਰਨਾ ਲੋਕਤੰਤਰ ਦਾ ਘਾਣ : ਰਾਣਾ ਗਿੱਲ

ਕੁਰਾਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ | ਤਸਵੀਰ : ਬਿੱਲਾ ਅਕਾਲਗੜ੍ਹੀਆ <br/> 10-05-2026
ਕੁਰਾਲੀ, 9 ਮਈ (ਬਿੱਲਾ ਅਕਾਲਗੜ੍ਹੀਆ)-ਅੱਜ ਖਰੜ ਹਲਕਾ ਤੋਂ ਭਾਜਪਾ ਦੇ ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਮੋਰਿੰਡਾ ਰੋਡ 'ਤੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਸੂਬੇ ਦੀ 'ਆਪ' ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੁਰਾਲੀ ਦੇ ਹਰ ਵਾਰਡ ਦੀਆਂ ਵੋਟਾਂ ਨੂੰ ਦੂਜੇ ਵਾਰਡਾਂ 'ਚ ਸ਼ਿਫਟ ਕੀਤਾ ਗਿਆ ਹੈ | ਇਸ ਕਾਰਨ ਕੌਂਸਲ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਾਫ਼ੀ ਦੁਵਿੱਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਚੋਣ ਲੜ ਰਹੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਪਰਿਵਾਰਾਂ ਦੀਆਂ ਵੋਟਾਂ ਕੱਟ ਕੇ ਦੂਰ-ਦਰਾਜ਼ ਦੇ ਵਾਰਡਾਂ 'ਚ ਸ਼ਿਫਟ ਕਰ ਦਿੱਤੀਆਂ ਹਨ, ਜੋ ਕਿ ਸਿੱਧੇ ਤੌਰ 'ਤੇ ਲੋਕਤੰਤਰ ਦਾ ਘਾਣ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਆਪਣੀ ਸੰਭਾਵਿਤ ਹਾਰ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ ਤਾਂ ਜੋ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਲਦ ਹੀ ਚੋਣ ਕਮਿਸ਼ਨ ਨੂੰ ਜਾਣੂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਹਰ ਵਾਰਡ 'ਚ ਪੜ੍ਹੇ-ਲਿਖੇ ਅਤੇ ਯੋਗ ਉਮੀਦਵਾਰ ਮੈਦਾਨ 'ਚ ਉਤਾਰੇ ਗਏ ਹਨ, ਜਿਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਉਮੀਦਵਾਰ ਇਮਾਨਦਾਰੀ ਅਤੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ 'ਚ ਉਤਾਰੇ ਹਨ ਤੇ ਭਾਜਪਾ ਪੂਰਨ ਬਹੁਮਤ ਨਾਲ ਕੌਂਸਲ 'ਚ ਆਪਣਾ ਪ੍ਰਧਾਨ ਬਣਾਏਗੀ | ਇਸ ਮੌਕੇ ਸਾਬਕਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ, ਸੁੱਖੂ ਕੁਰਾਲੀ, ਅਸ਼ਵਨੀ ਕੁਮਾਰ ਬਿੱਟੂ, ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮੀ, ਐਡਵੋਕੇਟ ਦਲੀਪ ਸਿੰਘ, ਸੁਰਜੀਤ ਸਿੰਘ ਧਾਲੀਵਾਲ, ਤਰੁਣ ਕੌਸ਼ਿਕ ਮੰਡਲ ਪ੍ਰਧਾਨ, ਅਭਿਸ਼ੇਕ ਗੁਪਤਾ ਜਨਰਲ ਸਕੱਤਰ, ਰਾਕੇਸ਼ ਅਗਰਵਾਲ, ਆਸ਼ੂ ਰਾਣਾ, ਬਲਵੀਰ ਸਿੰਘ, ਤਰਸੇਮ ਸਿੰਘ ਤੇ ਰਾਜਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਅੱਜ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ 3 ਯੂਨਿਟਾਂ ਲਈ 2,365 ਲੱਖ ਦੇ ਵਿੱਤੀ ਪ੍ਰੋਤਸਾਹਨ ਨੂੰ ਮਨਜ਼ੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।