ਚੰਡੀਗੜ੍ਹ, 10 ਮਈ (ਅਜੀਤ ਬਿਊਰੋ)- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਜਨਰਲ ਕਮੇਟੀ ਦੀ ਸਾਲਾਨਾ ਇਕੱਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28 ਚੰਡੀਗੜ੍ਹ ਵਿਖੇ ਸੰਸਥਾ ਦੇ ਸਰਪ੍ਰਸਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਤੇ ਪ੍ਰੋ. ਸ਼ਾਮ ਸਿੰਘ ਪ੍ਰਧਾਨ ਦੀ ਦੇਖ-ਰੇਖ ਹੇਠ ਹੋਈ ਜਿਸ ਵਿਚ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਆਏ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਸਰਬ ਹਿੰਦ ਫੌਜੀ ਭਾਈਚਾਰਾ ਪੰਜਾਬ ਦੇ ਸੂਬਾ ਪ੍ਰਧਾਨ ਬਿ੍ਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਸਿੱਖ ਰੈਜੀਮੈਂਟ ਦੀ ਘਾਟ ਸਬੰਧੀ ਮੁੱਦੇ ਨੂੰ ਉਠਾਇਆ | ਉਨ੍ਹਾਂ ਦੱਸਿਆ ਕਿ ਹੈੱਡਕੁਆਰਟਰ ਵਲੋਂ ਬਾਰ ਬਾਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਖ ਪਲਟਨਾਂ ਵਿਚ ਜਵਾਨਾਂ ਦੀ ਬਹੁਤ ਘਾਟ ਹੈ | ਉਨ੍ਹਾਂ ਦੱਸਿਆ ਕਿ ਸਿੱਖ ਰੈਜ਼ੀਮੈਂਟ ਦੀਆਂ ਆਰਮੀ ਅਤੇ ਰਾਸ਼ਟਰੀ ਰਾਈਫ਼ਲਜ਼ ਦੀਆਂ ਕੁੱਲ ਮਿਲਾ ਕੇ ਦੋ ਦਰਜਨ ਦੇ ਕਰੀਬ ਬਟਾਲੀਅਨਾਂ ਹਨ | ਇਨ੍ਹਾਂ ਵਿਚ ਭਰਤੀ ਨਾ ਹੋਣ ਦਾ ਕਾਰਨ ਸਿੱਖ ਜਵਾਨਾਂ ਵਲੋਂ ਦਿਲਚਸਪੀ ਦੀ ਘਾਟ, ਅਗਨੀਵੀਰ ਸਕੀਮ, ਵਿਦੇਸ਼ ਜਾਣ ਦੀ ਉਤੇਜਨਾ, ਨਸ਼ਿਆਂ ਦਾ ਰੁਝਾਨ ਆਦਿ ਹਨ | ਬਿ੍ਗੇਡੀਅਰ ਕਾਹਲੋਂ ਨੇ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸ਼੍ਰੋ੍ਰਮਣੀ ਕਮੇਟੀ ਪ੍ਰਧਾਨ ਨੂੰ ਇਸ ਸੰਬੰਧੀ ਇਕ ਪੱਤਰ ਲਿਖਿਆ ਗਿਆ ਸੀ, ਜਵਾਬ ਨਾ ਆਉਣ ਦੀ ਸੂਰਤ ਵਿਚ ਇਕ ਖੁੱਲ੍ਹਾ ਖ਼ਤ ਅਖ਼ਬਾਰਾਂ ਵਿਚ ਛਾਪਿਆ ਗਿਆ ਕਿ ਪੰਜਾਬ ਸਿੱਖ ਰੈਜੀਮੈਂਟ ਵਿਚ ਕਿਉਂ ਪਛੜਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਘਾਟ ਕੇਵਲ ਸਿਆਸੀ ਨੇਤਾਵਾਂ ਤੇ ਧਾਰਮਿਕ ਜਥੇਬੰਦੀਆਂ ਵਿਸ਼ੇਸ਼ ਤੌਰ 'ਤੇ ਧਰਮ ਪ੍ਰਚਾਰ ਕਮੇਟੀਆਂ ਦੇ ਮਾਨਸਿਕ ਦਿ੍ਸ਼ਟੀਕੋਣ ਦੀ ਹੈ ਜੋ ਕਿ ਸਿਆਸੀ ਪੈਂਤੜੇਬਾਜ਼ੀ ਤੇ ਵੋਟਾਂ ਬਟੋਰਨ ਵਿਚ ਰੁਝੇ ਹੋਏ ਹਨ | ਬਿ੍ਗੇਡੀਅਰ ਕਾਹਲੋਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਿੱਖ ਪਲਟਨਾਂ ਦੀ ਗਿਣਤੀ ਘੱਟ ਕਰਨ ਦਾ ਫੈਸਲਾ ਲਿਆ ਤਾਂ ਇਸ ਦੀ ਜ਼ਿੰਮੇਵਾਰੀ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੀ ਹੋਵੇਗੀ |