ਐੱਸ. ਏ. ਐੱਸ. ਨਗਰ, 10 ਮਈ (ਪ੍ਰੋ. ਅਵਤਾਰ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ 'ਤੇ ਮੁਹਾਲੀ ਕਾਰਪੋਰੇਸ਼ਨ ਦੀਆਂ ਆਗਾਮੀ ਚੋਣਾਂ ਲਈ ਹਰ ਵਾਰਡ 'ਚ ਵੱਡੀ ਪੱਧਰ 'ਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼ ਲਗਾਉਂਦਿਆਂ ਸੂਬੇ ਦੇ ਚੋਣ ਕਮਿਸ਼ਨਰ ਨੂੰ ਤੁਰੰਤ ਦਖ਼ਲ ਦੇ ਕੇ ਬਣ ਰਹੀਆਂ ਜਾਅਲੀ ਵੋਟਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਅੱਜ ਇਥੇ ਕਿਹਾ ਕਿ ਆਮ ਆਦਮੀ ਪਾਰਟੀ ਮੁਹਾਲੀ ਕਾਰਪੋਰੇਸ਼ਨ 'ਤੇ ਹਰ ਹਾਲਤ 'ਚ ਕਬਜ਼ਾ ਕਰਨ ਦੀ ਬਦਨੀਤ ਨਾਲ ਹਰ ਵਾਰਡ ਵਿਚ ਤਕਰੀਬਨ 300 ਜਾਅਲੀ ਵੋਟਾਂ ਬਣਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬਾਹਰਲੇ ਵਿਅਕਤੀਆਂ ਦੀਆਂ ਮੁਹਾਲੀ ਸ਼ਹਿਰ ਵਿਚ ਵੋਟਾਂ ਬਣਾਉਣ ਲਈ ਧੜਾ ਧੜ ਫ਼ਰਜ਼ੀ ਇਕਰਾਰਨਾਮੇ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਬਣੇ ਇਕਰਾਰਨਾਮਿਆਂ ਦਾ ਇਕੋ ਜਿਹਾ ਤਰੀਕਾਕਾਰ ਤੇ ਇਕੋ ਤਸਦੀਕ ਕਰਤਾ ਹੋਣਾ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਰ ਵਾਰਡ ਦੇ ਇਕਰਾਰਨਾਮੇ ਇਕੋ ਹੀ ਥਾਂ ਬੈਠ ਕੇ ਬਣਾਏ ਗਏ ਹਨ | ਸਾਬਕਾ ਸਿਹਤ ਮੰਤਰੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਵਾਰਡ ਨੰਬਰ 42 'ਚ 304 ਨਵੀਆਂ ਵੋਟਾਂ ਬਣਾ ਕੇ ਵੋਟਰਾਂ ਦੀ ਗਿਣਤੀ 678 ਥਾਂ 982 ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਹੀ ਵਾਰਡ ਨੰਬਰ 5 'ਚ ਵੀ ਵੱਡੇ ਪੱਧਰ 'ਤੇ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ ਜਿਥੋਂ ਆਮ ਆਦਮੀ ਪਾਰਟੀ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਪਤਨੀ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਮੁਹਾਲੀ ਕਾਰਪੋਰੇਸ਼ਨ 'ਚ ਨਵੇਂ ਸ਼ਾਮਿਲ ਕੀਤੇ ਗਏ ਆਈ.ਟੀ. ਸਿਟੀ ਵਾਲੇ ਵਾਰਡ ਵਿਚ ਵੀ ਵੱਡੇ ਪੱਧਰ 'ਤੇ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ | ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਇਨ੍ਹਾਂ ਜਾਅਲੀ ਵੋਟਰਾਂ 'ਚੋਂ ਬਹੁਤਿਆਂ ਦੀ ਤਸਵੀਰ ਵੀ ਨਹੀਂ ਲੱਗੀ, ਇਸ ਲਈ ਇਹ ਵੋਟਾਂ ਹੋਰਨਾਂ ਵਿਅਕਤੀਆਂ ਵਲੋਂ ਭੁਗਤਾਉਣ ਦਾ ਵੀ ਖ਼ਦਸ਼ਾ ਹੈ | ਇਨ੍ਹਾਂ ਵਾਰਡਾਂ ਦੇ ਇਕ ਇਕ ਘਰ ਵਿਚ ਵੀਹ ਤੋਂ ਵੱਧ ਵੋਟਾਂ ਬਣਾਈਆਂ ਗਈਆਂ ਹਨ | ਕਾਂਗਰਸੀ ਆਗੂ ਨੇ ਕਿਹਾ ਹੈ ਕਿ ਉਹ ਭਲਕੇ ਇਹ ਸਾਰਾ ਮਾਮਲਾ ਸੂਬੇ ਦੇ ਚੋਣ ਕਮਿਸ਼ਨਰ ਦੇ ਧਿਆਨ 'ਚ ਲਿਆ ਕੇ ਮੰਗ ਕਰਨਗੇ ਕਿ ਉਹ ਇਸ ਬਹੁਤ ਹੀ ਗੰਭੀਰ ਮਾਮਲੇ 'ਚ ਤੁਰੰਤ ਦਖ਼ਲ ਦੇ ਕੇ ਜਾਅਲੀ ਵੋਟਾਂ ਬਣਨੀਆ ਬੰਦ ਕਰਵਾਉਣ | ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨਰ ਨੂੰ ਇਹ ਵੀ ਕਹਿਣਗੇ ਕਿ ਉਹ ਬਣ ਰਹੀਆਂ ਵੋਟਾਂ ਦੇ ਕੰਮ ਦੀ ਆਪਣੀ ਨਿਗਰਾਨੀ ਹੇਠ ਨਾਲੋ ਨਾਲ ਵਿਸ਼ੇਸ਼ ਪੜਤਾਲ ਲਈ ਕਿਸੇ ਸੀਨੀਅਰ ਅਧਿਕਾਰੀ ਦੀ ਡਿਊਟੀ ਲਗਾਉਣ | ਉਨ੍ਹਾਂ ਕਿਹਾ ਕਿ ਹੇਠਲੇ ਪੱਧਰ 'ਤੇ ਹੀ ਜਮਹੂਰੀਅਤ ਦੇ ਕੀਤੇ ਜਾ ਰਹੇ ਕਤਲ ਦੇ ਨਾਲ ਨਾਲ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਨੂੰ ਕਾਂਗਰਸ ਪਾਰਟੀ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਜੇ ਲੋੜ ਪਈ ਤਾਂ ਉਹ ਇਸ ਜਾਅਲਸਾਜ਼ੀ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ |