ਡੇਰਾਬੱਸੀ, 17 ਮਈ (ਰਣਬੀਰ ਸਿੰਘ ਪੜ੍ਹੀ)-ਸਥਾਨਕ ਕਾਲਜ ਕਾਲੋਨੀ ਦੀ ਰਹਿਣ ਵਾਲੀ ਇਕ ਹੋਣਹਾਰ ਅਤੇ ਮਿਹਨਤੀ ਵਿਦਿਆਰਥਣ ਤਨੂ ਮਹਿਤਾ ਨੇ ਆਪਣੀ ਸਖ਼ਤ ਮਿਹਨਤ ਅਤੇ ਪੜ੍ਹਾਈ ਪ੍ਰਤੀ ਅਟੁੱਟ ਲਗਨ ਸਦਕਾ ਸੀ. ਬੀ. ਐਸ. ਈ. 12ਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ | ਸੰਜੀਵ ਮਹਿਤਾ ਦੀ ਸਪੁੱਤਰੀ ਤਨੂ ਮਹਿਤਾ ਨੇ ਜੀ. ਐਮ. ਐਸ. ਐਸ. ਐਸ. ਸੈਕਟਰ-16 (ਡੀ) ਚੰਡੀਗੜ੍ਹ ਤੋਂ ਮੈਡੀਕਲ ਸਟਰੀਮ ਦੀ ਪ੍ਰੀਖਿਆ ਦਿੰਦਿਆਂ 91 ਫੀਸਦੀ ਅੰਕ ਪ੍ਰਾਪਤ ਕਰਕੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ | ਆਪਣੇ ਭਵਿੱਖ ਦੇ ਸੁਫ਼ਨਿਆਂ ਬਾਰੇ ਗੱਲਬਾਤ ਕਰਦਿਆਂ ਤਨੂ ਮਹਿਤਾ ਨੇ ਦੱਸਿਆ ਕਿ ਉਸ ਦਾ ਮੁੱਖ ਟੀਚਾ ਇਕ ਸਫ਼ਲ ਡਾਕਟਰ ਬਣ ਕੇ ਦੇਸ਼ ਅਤੇ ਮਾਨਵਤਾ ਦੀ ਸੇਵਾ ਕਰਨਾ ਹੈ | ਆਪਣੇ ਇਸੇ ਸੁਫ਼ਨੇ ਨੂੰ ਹਕੀਕਤ 'ਚ ਬਦਲਣ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਨੀਟ ਦੀ ਪ੍ਰੀਖਿਆ ਲਈ ਜੀ-ਤੋੜ ਮਿਹਨਤ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਹਾਲ ਹੀ 'ਚ ਨੀਟ ਦੀ ਪ੍ਰੀਖਿਆ ਰੱਦ ਹੋਣ ਕਾਰਨ ਵਿਦਿਆਰਥੀਆਂ ਨੂੰ ਕੁਝ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਪਰ ਤਨੂ ਦੇ ਹੌਸਲੇ ਅਜੇ ਵੀ ਬੁਲੰਦ ਹਨ | ਉਸ ਨੇ ਦਿ੍ੜਤਾ ਨਾਲ ਕਿਹਾ ਕਿ ਉਹ ਹੁਣ ਨਵੀਂ ਨਿਰਧਾਰਿਤ ਕੀਤੀ ਗਈ ਮਿਤੀ ਅਨੁਸਾਰ ਪੂਰੇ ਆਤਮ-ਵਿਸ਼ਵਾਸ ਅਤੇ ਦੁੱਗਣੀ ਤਿਆਰੀ ਨਾਲ ਇਹ ਪ੍ਰੀਖਿਆ ਦੇਵੇਗੀ | ਤਨੂ ਨੇ ਆਪਣੀ ਇਸ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਦੀ ਨਿਰੰਤਰ ਹੱਲਾਸ਼ੇਰੀ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਿਰ ਬੰਨਿ੍ਹਆ ਹੈ | ਉਸ ਦੇ ਪਿਤਾ ਸੰਜੀਵ ਮਹਿਤਾ ਨੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਹਮੇਸ਼ਾ ਪੜ੍ਹਾਈ ਨੂੰ ਆਪਣੀ ਪਹਿਲੀ ਤਰਜੀਹ ਦਿੱਤੀ ਹੈ ਅਤੇ ਉਮੀਦ ਹੈ ਕਿ ਉਹ ਨੀਟ ਦੀ ਪ੍ਰੀਖਿਆ 'ਚੋਂ ਵੀ ਸ਼ਾਨਦਾਰ ਅੰਕ ਲੈ ਕੇ ਡਾਕਟਰ ਬਣਨ ਦੇ ਆਪਣੇ ਸੁਫ਼ਨੇ ਨੂੰ ਜ਼ਰੂਰ ਹਕੀਕਤ 'ਚ ਬਦਲੇਗੀ |