ਡੇਰਾਬੱਸੀ, 17 ਮਈ (ਗੁਰਮੀਤ ਸਿੰਘ)-26 ਮਈ ਨੂੰ ਹੋਣ ਵਾਲੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਡੇਰਾਬੱਸੀ ਵਿਖੇ ਸਿਆਸੀ ਅਖਾੜਾ ਪੂਰੀ ਤਰਾਂ ਭਖ ਚੁੱਕਿਆ ਹੈ | ਇਥੇ ਮੁੱਖ ਮੁਕਾਬਲਾ ਚਾਰ ਪਾਰਟੀਆਂ ਦੇ ਉਮੀਦਵਾਰਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ 'ਚ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਿਲ ਹਨ | 16 ਤਰੀਕ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਅੱਜ 17 ਮਈ ਨੂੰ ਵੱਖ ਵੱਖ ਉਮੀਦਵਾਰਾਂ ਵਲੋਂ ਇਕ ਦੂਜੇ ਖ਼ਿਲਾਫ਼ ਨਗਰ ਕੌਂਸਲ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਇਤਰਾਜ ਦਰਜ ਕਰਵਾਉਂਦੇ ਹੋਏ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ | ਇਸੇ ਤਹਿਤ ਵਾਰਡ ਨੰ. 16 ਤੋਂ ਕਾਂਗਰਸ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਵਲੋਂ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਖ਼ਿਲਾਫ਼ ਇਤਰਾਜ ਦਰਜ ਕਰਵਾਇਆ ਗਿਆ | ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਰੈਡੀ ਵਲੋਂ ਪੁਲਿਸ ਸਟੇਸ਼ਨ ਦੇ ਪਿੱਛੇ ਕਥਿਤ ਤੌਰ 'ਤੇ ਕਾਲਜ ਸੜਕ 'ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਕ ਹੋਟਲ ਦੀ ਉਸਾਰੀ ਕੀਤੀ ਗਈ ਹੈ, ਜਿਸ ਵਿਚ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਅਤੇ ਨਗਰ ਕੌਂਸਲ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਨੇ ਐੱਸ. ਡੀ. ਐਮ.-ਕਮ-ਰਿਟਰਨਿੰਗ ਅਫ਼ਸਰ ਅਮਿਤ ਗੁਪਤਾ ਤੋਂ ਰੈੱਡੀ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ ਕੀਤੀ | ਦੂਜੇ ਪਾਸੇ ਨਗਰ ਕੌਂਸਲ ਦੀ ਆਮ ਆਦਮੀ ਪਾਰਟੀ ਤੋਂ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਅਤੇ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਖ਼ਿਲਾਫ਼ ਵੀ ਇਕ ਉਮੀਦਵਾਰ ਵਲੋਂ ਸ਼ਿਕਾਇਤ ਦਰਜ ਕਰਵਾ ਕੇ ਪ੍ਰਾਪਰਟੀ ਟੈਕਸ ਨਾ ਭਰਨ, ਚੰਡੀਗੜ੍ਹ ਅੰਬਾਲਾ ਹਾਈਵੇਅ ਦੇ ਨੇੜੇ ਕਮਰਸ਼ੀਅਲ ਥਾਂ 'ਤੇ ਉਸਾਰੀ ਬਿਲਡਿੰਗ 'ਚ ਨਗਰ ਕੌਂਸਲ ਦੇ ਨਿਯਮਾਂ ਦੀ ਉਲੰਘਣਾ ਕਰਨ ਸੰਬੰਧੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਗੱਲ ਕਰਨ 'ਤੇ ਐੱਸ. ਡੀ. ਐਮ.-ਕਮ-ਰਿਟਰਨਿੰਗ ਅਫ਼ਸਰ ਨੇ ਰੈੱਡੀ ਅਤੇ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਤੇ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਖ਼ਿਲਾਫ਼ ਮਿਲੇ ਇਤਰਾਜ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਪੜਤਾਲ ਕਰ ਅਗਲਾ ਫੈਸਲਾ ਲਿਆ ਜਾਵੇਗਾ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ | ਇਸ ਸੰਬੰਧੀ ਗੱਲ ਕਰਨ 'ਤੇ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਕੰਮ ਨਿਯਮਾਂ ਦੀ ਉਲੰਘਣਾ ਕਰਦਿਆਂ ਨਹੀਂ ਕੀਤਾ ਅਤੇ ਉਨ੍ਹਾਂ ਕੋਲ ਆਪਣੇ ਹੋਟਲ ਸੰਬੰਧੀ ਸਾਰੇ ਦਸਤਾਵੇਜ ਮੌਜੂਦ ਹਨ, ਜਿਸਦੀ ਕਦੇ ਵੀ ਜਾਂਚ ਕੀਤੀ ਜਾ ਸਕਦੀ ਹੈ | ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਵੀ ਕੰਮ ਨਾਜਾਇਜ਼ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਕੋਲ ਹਰੇਕ ਲੋੜੀਂਦਾ ਦਸਤਾਵੇਜ ਮੌਜੂਦ ਹਨ, ਜਿਸਦੀ ਕਦੇ ਵੀ ਜਾਂਚ ਕੀਤੀ ਜਾ ਸਕਦੀ ਹੈ |