09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡੀ-ਸਿਲਟਿੰਗ ਦੀ ਆੜ 'ਚ ਦਿਨ-ਰਾਤ ਕੱਢੀ ਜਾ ਰਹੀ ਰੇਤ ਡੇਰਾਬੱਸੀ ਦੇ ਘੱਗਰ ਦਰਿਆ 'ਚ ਮੁੜ ਸਰਗਰਮ ਹੋਇਆ ਰੇਤ ਮਾਫ਼ੀਆ

ਡੇਰਾਬੱਸੀ ਸਥਿਤ ਘੱਗਰ 'ਚ ਡੀਸਿਲਟਿੰਗ ਦੀ ਆੜ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਮੂੰਹ ਬੋਲਦੀ ਤਸਵੀਰ | ਤਸਵੀਰ : ਗੁਰਮੀਤ ਸਿੰਘ <br/> 06-06-2026
ਡੇਰਾਬੱਸੀ, 5 ਜੂਨ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਨੇੜੇ ਵਗਦੇ ਘੱਗਰ 'ਚੋਂ ਵੱਡੀਆਂ-ਵੱਡੀਆਂ ਮਸ਼ੀਨਾਂ ਅਤੇ ਟਿੱਪਰਾਂ ਦੀ ਮਦਦ ਨਾਲ ਨਾਜਾਇਜ਼ ਮਾਈਨਿੰਗ ਮੁੜ ਸ਼ੁਰੂ ਹੋ ਗਈ ਹੈ | ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਘੱਗਰ 'ਚ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਡੀ-ਸਿਲਟਿੰਗ ਦੀ ਆੜ 'ਚ ਰੋਜ਼ਾਨਾ ਰੇਤ ਦੇ ਸੈਂਕੜੇ ਟਿੱਪਰ ਕੱਢੇ ਗਏ ਸਨ | ਇਥੇ ਹੀ ਬਸ ਨਹੀਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਇਹ ਖੇਡ ਸ਼ਰ੍ਹੇਆਮ ਖੇਡਿਆ ਗਿਆ ਸੀ | ਅਜਿਹੇ 'ਚ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ 'ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ | ਲੋਕਾਂ ਨੇ ਕਿਹਾ ਕਿ ਡੀ-ਸਿਲਟਿੰਗ ਦੌਰਾਨ ਘੱਗਰ 'ਚੋਂ ਭਰੀ ਗਾਦ ਕੱਢਣੀ ਹੁੰਦੀ ਹੈ ਪਰ ਇਥੇ ਤਾਂ ਸ਼ਰ੍ਹੇਆਮ ਰੇਤ ਕੱਢੀ ਜਾ ਰਹੀ ਹੈ ਜਿਸ ਥਾਂ 'ਤੇ ਗਾਦ ਇਕੱਤਰ ਹੁੰਦੀ ਹੈ, ਉਸ ਪਾਸੇ ਕੋਈ ਕੰਮ ਨਹੀਂ ਚੱਲਦਾ | ਘੱਗਰ 'ਚ 10-15 ਫੁੱਟ ਡੂੰਘੇ ਟੋਏ ਪਾ ਦਿੱਤੇ ਜਾਂਦੇ ਹਨ ਜਾਂ ਫ਼ਿਰ ਵਗਦੇ ਪਾਣੀ ਹੇਠੋਂ ਰੇਤ ਕੱਢਿਆ ਜਾਂਦਾ ਹੈ | ਪਿਛਲੇ ਸਮੇਂ ਦੌਰਾਨ ਡੀ-ਸਿਲਟਿੰਗ ਦੀ ਆੜ 'ਚ ਰੇਤ ਕੱਢ ਕੇ ਢੇਰ ਲਗਾ ਦਿੱਤੇ ਗਏ ਸਨ ਅਤੇ ਹੁਣ ਇਨ੍ਹਾਂ ਢੇਰਾਂ ਨੂੰ ਚੁੱਕ ਕੇ ਬਾਹਰ ਭੇਜਿਆ ਜਾ ਰਿਹਾ ਹੈ | ਮਾਈਨਿੰਗ ਅਤੇ ਡਰੇਨੇਜ਼ ਵਿਭਾਗ ਦਾ ਕਹਿਣਾ ਹੈ ਕਿ ਡੀ-ਸਿਲਟਿੰਗ ਤਹਿਤ ਦਰਿਆ ਦੀ ਸਫ਼ਾਈ ਕੀਤੀ ਜਾਂਦੀ ਹੈ ਪਰ ਖੇਤਰ ਦੇ ਲੋਕਾਂ ਦਾ ਕਹਿਣ ਕਿ ਜੇਕਰ ਇਹ ਸਿਰਫ਼ ਸਫਾਈ ਹੈ ਤਾਂ ਕੱਢੀ ਗਈ ਰੇਤ ਟਰੱਕਾਂ 'ਚ ਭਰ ਕੇ ਕਿਉਂ ਬਾਹਰ ਲਿਜਾਈ ਜਾ ਰਹੀ ਹੈ | ਲੋਕਾਂ ਵਲੋਂ ਮੌਕੇ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਮਾਈਨਿੰਗ ਦਾ ਕੰਮ ਰਾਤ ਦੇ ਸਮੇਂ ਵੀ ਜਾਰੀ ਰਹਿੰਦਾ ਹੈ ਜਦਕਿ ਨਿਯਮਾਂ ਮੁਤਾਬਿਕ ਸ਼ਾਮ ਨੂੰ ਕੋਈ ਕੰਮ ਨਹੀਂ ਚੱਲ ਸਕਦਾ | ਲੋਕਾਂ ਨੇ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ 'ਜ਼ੀਰੋ ਟੋਲਰੈਂਸ' ਨੀਤੀ ਦੇ ਅਸਲ ਅਰਥ ਪੁੱਛਦੇ ਹੋਏ ਸੂਬਾ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ | ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਬਤ ਵਿਭਾਗ ਦੇ ਐੱਸ. ਡੀ. ਓ. ਰਮਨਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਫ਼ੋਨ 'ਤੇ ਜਾਣਕਾਰੀ ਦੇਣ ਤੋਂ ਟਾਲ਼ਾ ਵੱਟਦੇ ਹੋਏ ਦਫ਼ਤਰ 'ਚ ਆ ਕੇ ਜਾਣਕਾਰੀ ਹਾਸਿਲ ਕਰਨ ਲਈ ਕਿਹਾ | ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵਲੋਂ ਡੀ-ਸਿਲਟਿੰਗ ਸੰਬੰਧੀ ਟੈਂਡਰ ਜਾਰੀ ਕੀਤਾ ਗਿਆ ਸੀ | ਇਸ ਤੋਂ ਬਾਅਦ ਟੈਂਡਰ ਹਾਸਿਲ ਕਰਨ ਵਾਲੀ ਕੰਪਨੀ ਨੇ ਧੜੱਲੇ ਨਾਲ ਮਾਈਨਿੰਗ ਕੀਤੀ ਸੀ ਅਤੇ ਬਿਨਾਂ ਫ਼ੀਸ ਭਰੇ ਹੀ ਫ਼ਰਾਰ ਹੋ ਗਈ ਸੀ | ਇਸ ਦੇ ਚਲਦਿਆਂ ਵਿਭਾਗ ਨੇ ਠੇਕਾ ਕੰਪਨੀ ਨੂੰ ਬਲੈਕ ਲਿਸਟ ਕਰਦੇ ਹੋਏ ਮਾਮਲਾ ਵੀ ਦਰਜ ਕਰਵਾਇਆ ਸੀ |
ਪਿਛਲੀ ਖ਼ਬਰ 4 ਕਰੋੜ ਦੀ ਬੈਂਕ ਧੋਖਾਧੜੀ ਦੇ ਮਾਮਲੇ 'ਚ ਫਰਮ ਦੇ ਭਾਈਵਾਲ ਨੂੰ 3 ਸਾਲਾਂ ਦੀ ਕੈਦ ਅਗਲੀ ਖ਼ਬਰ 'ਦਾ ਵਰਲਡ ਵਾਕ' ਫਰਮ ਦੀ ਲਾਇਸੰਸ ਅਰਜ਼ੀ ਦਾਖ਼ਲ ਦਫ਼ਤਰ ਕੀਤੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।