ਚੰਡੀਗੜ੍ਹ, 9 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 12 ਜੁਲਾਈ ਨੂੰ ਅਕਾਦਮਿਕ ਸੈਸ਼ਨ 2026-28 ਲਈ ਬੈਚਲਰ ਆਫ਼ ਐਜੂਕੇਸ਼ਨ (ਬੀ.ਐਡ.) ਕੋਰਸ ਲਈ ਕੇਂਦਰੀਕਿ੍ਤ ਦਾਖਲਾ ਪ੍ਰਕਿਰਿਆ ਲਈ ਬੀ.ਐਡ ਦਾਖਲਾ ਪ੍ਰੀਖਿਆ ਕਰਵਾ ਰਹੀ ਹੈ | ਜਿਸ ਨੂੰ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਅਧਿਕਾਰਤ ਕੀਤਾ ਗਿਆ ਹੈ | ਚੰਡੀਗੜ੍ਹ ਵਿਚ ਸਥਿਤ ਅਤੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ-ਵੱਖ ਸਿੱਖਿਆ ਕਾਲਜਾਂ ਵਿਚ 250 ਸੀਟਾਂ ਉਪਲਬਧ ਹੋਣਗੀਆਂ | ਦਾਖਲੇ ਕਾਮਨ ਐਂਟਰੈਂਸ ਟੈਸਟ (ਸੀ.ਟੀ.ਟੀ ਬੀ.ਐਡ-2026) ਦੁਆਰਾ ਨਿਰਧਾਰਤ ਮੈਰਿਟ ਦੇ ਅਧਾਰ 'ਤੇ ਹੋਣਗੇ | ਪੀ.ਯੂ ਐਡਮਿਸ਼ਨ ਕਮੇਟੀ ਫਾਰ ਬੀ.ਐੱਡ. ਦੀ ਕੋਆਰਡੀਨੇਟਰ ਪ੍ਰੋ. ਅਨੁਰਾਧਾ ਸ਼ਰਮਾ ਨੇ ਦੱਸਿਆ ਕਿ ਪ੍ਰਾਸਪੈਕਟਸ ਅਤੇ ਆਨਲਾਈਨ ਅਰਜ਼ੀ ਫਾਰਮ 10 ਜੂਨ ਤੋਂ ਅਧਿਕਾਰਤ ਪੋਰਟਲ 'ਤੇ ਉਪਲਬਧ ਹੋਣਗੇ | ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ 30 ਜੁਲਾਈ ਹੈ | ਉਮੀਦਵਾਰਾਂ ਨੂੰ ਆਪਣੇ ਲਾਗਇਨ ਪ੍ਰਮਾਣ ਪੱਤਰ ਤਿਆਰ ਕਰਨ ਲਈ 30 ਜੂਨ ਤੱਕ ਵੈੱਬਸਾਈਟ 'ਤੇ ਆਪਣੇ ਵੇਰਵੇ ਜਮ੍ਹਾਂ ਕਰਨੇ ਚਾਹੀਦੇ ਹਨ | ਇਸ ਬੀ.ਐੱਡ. ਕੋਰਸ ਦੀ ਘੱਟੋ-ਘੱਟ ਯੋਗਤਾ 50 ਪ੍ਰਤੀਸ਼ਤ ਅੰਕਾਂ ਨਾਲ ਗ੍ਰੈਜੂਏਸ਼ਨ ਹੈ | ਅਖ਼ਬਾਰਾਂ ਵਿਚ ਕੋਈ ਵੱਖਰਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਵੇਗਾ |