ਚੰਡੀਗੜ੍ਹ, 9 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸੰਸਦੀ ਕਾਰਜ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਜਨ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਸਿਰਫ਼ ਕਾਨੂੰਨ ਬਣਾਉਣਾ ਹੀ ਨਹੀਂ, ਸਗੋਂ ਸਮਾਜ ਵਿਚ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਦੀ ਸਹਿਭਾਗਤਾ ਯਕੀਨੀ ਕਰਨਾ ਵੀ ਹੈ | ਉਨ੍ਹਾਂ ਨੇ ਕਿਹਾ ਕਿ ਵਧੀਆ ਜਨਸੇਵਾ ਪ੍ਰਤੀ ਸਮੂਹਿਕ ਪ੍ਰਤੀਬੱਧਤਾ ਨੂੰ ਤਾਂ ਹੀ ਸਾਰਥਿਕ ਬਣਾਇਆ ਜਾ ਸਕਦਾ ਹੈ, ਜਦੋਂ ਲੋਕਤਾਂਤਰਿਕ ਸੰਸਥਾਵਾਂ ਜਨਹਿਤ ਮੁੱਦਿਆਂ 'ਤੇ ਪ੍ਰਭਾਵੀ ਸੰਵਾਦ ਤੇ ਸਹਿਭਾਗਤਾ ਨੂੰ ਪ੍ਰੋਤਸਾਹਨ ਦੇਣ | ਮਹੀਪਾਲ ਢਾਂਡਾ ਅੱਜ ਹਰਿਆਣਾ ਵਿਧਾਨਸਭਾ ਵਿਚ ਲੋਕ-ਸਭਾ ਦੇ ਸਹਿਯੋਗ ਨਾਲ ਆਯੋਜਿਤ ਰਾਸ਼ਟਰਮੰਡਲ ਸੰਸਦੀ ਸੰਘ (ਸੀ.ਪੀ.ਏ) ਦੇ ਨੋਰਥ ਖੇਤਰੀ ਜ਼ੋਨ2 ਸੰਮੇਲਨ ਦੇ ਉਦਘਾਟਨ ਮੌਕੇ 'ਤੇ ਸੰਬੋਧਨ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਦੋ ਦਿਨਾਂ ਦੇ ਸੰਮੇਲਨ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਹੋਣ ਵਾਲੀ ਸਾਰਥਿਕ ਚਰਚਾਵਾਂ ਨਾਲ ਸਮਕਾਲੀਨ ਚੁਨੌਤੀਆਂ ਦੇ ਹੱਲ ਖੋਜਣ ਵਿਚ ਸਹਾਇਤਾ ਮਿਲੇਗਾ ਤੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਇੱਕ ਸਮਾਵੇਸ਼ੀ, ਪਾਰਦਰਸ਼ੀ ਤੇ ਜਨੋਮੁਖੀ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਮਾਰਗ ਪ੍ਰਸੂਤ ਹੋਵੇਗਾ | ਸੰਮੇਲਨ ਵਿਚ ਦਿੱਲੀ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਲਦਾਖ਼ ਦੇ ਵਿਧਾਨਸਭਾ ਸਪੀਕਰਾਂ ਤੇ ਡਿਪਟੀ ਸਪੀਕਰਾਂ ਨੇ ਹਿੱਸਾ ਲਿਆ | ਇਸ ਮੌਕੇ ਲੋਕ-ਸਭਾ ਸਪੀਕਰ ਓਮ ਬਿਰਲਾ ਨੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਪੀਠਾਸੀਨ ਅਧਿਕਾਰੀਆਂ ਅਸ਼ੋਕ ਅਰੋੜਾ, ਕੰਵਰ ਪਾਲ ਅਤੇ ਗਿਆਨ ਚੰਦ ਗੁਪਤਾ ਸਮੇਤ ਸਾਬਕਾ ਡਿਪਟੀ ਸਪੀਕਰ ਅਕਰਮ ਖ਼ਾਨ, ਸੰਤੋਸ਼ ਯਾਦਵ ਤੇ ਰਣਬੀਰ ਗੰਗਵਾ ਨੂੰ ਸਮਿ੍ਤੀ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ |