ਚੰਡੀਗੜ੍ਹ, 9 ਜੂਨ (ਸੰਦੀਪ ਕੁਮਾਰ ਮਾਹਨਾ) ਡਿਊਟੀ ਦੌਰਾਨ ਦੇਸ਼ ਤੇ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਫ਼ਾਇਰ ਕਰਮਚਾਰੀਆਂ ਦੀ ਯਾਦ ਵਿਚ ਨਗਰ ਨਿਗਮ ਚੰਡੀਗੜ੍ਹ ਦੇ ਫ਼ਾਇਰ ਐਂਡ ਰੈਸਕਿਊ ਸਰਵਿਸਿਜ਼ ਵਿਭਾਗ ਵਲੋਂ ਸੈਕਟਰ 17 ਸਥਿਤ ਫ਼ਾਇਰ ਸਟੇਸ਼ਨ ਵਿਖੇ ਲਾਇਨਜ਼ ਕਲੱਬ ਤੇ ਪੀ.ਜੀ.ਆਈ. ਐਮਈਆਰ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕੈਂਪ ਦਾ ਦੌਰਾ ਕਰਦਿਆਂ ਇਸ ਮਨੁੱਖਤਾ ਭਰੇ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਕਿਹਾ ਕਿ ਫ਼ਾਇਰ ਕਰਮਚਾਰੀ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਲੋਕਾਂ ਦੀ ਸੁਰੱਖਿਆ ਲਈ ਨਿਰੰਤਰ ਸੇਵਾ ਨਿਭਾ ਰਹੇ ਹਨ | ਇਸ ਤੋਂ ਪਹਿਲਾਂ ਯੂ.ਟੀ. ਚੰਡੀਗੜ੍ਹ ਦੇ ਗ੍ਰਹਿ ਸਕੱਤਰ-ਕਮ-ਸਥਾਨਕ ਸਰਕਾਰ ਸਕੱਤਰ ਮਨਦੀਪ ਸਿੰਘ ਬਰਾੜ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਦੀ ਹਾਜ਼ਰੀ 'ਚ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਲਾਇਨਜ਼ ਕਲੱਬ ਦੇ ਅਹੁਦੇਦਾਰ, ਪੀ.ਜੀ.ਆਈ. ਦੇ ਡਾਕਟਰ ਅਤੇ ਸਟਾਫ਼ ਮੈਂਬਰਾਂ ਸਮੇਤ ਫਾਇਰ ਐਂਡ ਰੈਸਕਿਊ ਸਰਵਿਸਿਜ਼ ਦੇ ਅਧਿਕਾਰੀ ਵੀ ਮੌਜੂਦ ਸਨ |