ਜ਼ੀਰਕਪੁਰ, 10 ਜੂਨ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਵੀ. ਆਈ. ਪੀ. ਰੋਡ 'ਤੇ ਸਥਿਤ ਫਾਰ ਐਵਰ ਸਪਾ ਸੈਂਟਰ 'ਤੇ ਛਾਪੇਮਾਰੀ ਕਰਕੇ ਕਥਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਹੈ | ਕਾਰਵਾਈ ਦੌਰਾਨ 6 ਲੜਕੀਆਂ ਨੂੰ ਬਚਾਇਆ ਗਿਆ ਅਤੇ ਸਪਾ ਸੈਂਟਰ ਦੇ ਮੈਨੇਜਰ ਵਿਰੁੱਧ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ | ਏ. ਐਸ. ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਹਿਲਾਂ ਕੇਸ ਦਰਜ ਹੋਣ ਦੇ ਬਾਵਜੂਦ ਸਪਾ ਸੈਂਟਰ ਦੀ ਆੜ 'ਚ ਦੇਹ-ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ | ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਪੁਲਿਸ ਟੀਮ ਨੇ ਯੋਜਨਾਬੱਧ ਛਾਪਾ ਮਾਰਿਆ | ਛਾਪੇਮਾਰੀ ਦੌਰਾਨ ਬਠਿੰਡਾ, ਦਿੱਲੀ ਤੇ ਉੱਤਰਾਖੰਡ ਨਾਲ ਸੰਬੰਧਿਤ ਲੜਕੀਆਂ ਤੋਂ ਇਲਾਵਾ ਦੋ ਵਿਦੇਸ਼ੀ ਲੜਕੀਆਂ ਨੂੰ ਵੀ ਬਚਾਇਆ ਗਿਆ | ਵਿਦੇਸ਼ੀ ਲੜਕੀਆਂ ਥਾਈਲੈਂਡ ਨਾਲ ਸੰਬੰਧਿਤ ਹਨ | ਪੁਲਿਸ ਉਨ੍ਹਾਂ ਦੇ ਵੀਜ਼ਾ, ਪਾਸਪੋਰਟ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ | ਜੇਕਰ ਜਾਂਚ ਦੌਰਾਨ ਕੋਈ ਬੇਨਿਯਮੀ ਪਾਈ ਗਈ ਤਾਂ ਸੰਬੰਧਿਤ ਏਜੰਸੀਆਂ ਨਾਲ ਤਾਲਮੇਲ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਏ. ਐਸ. ਪੀ. ਨੇ ਦੱਸਿਆ ਕਿ ਫਾਰ ਐਵਰ ਸਪਾ ਸੈਂਟਰ ਵਿਰੁੱਧ ਪਹਿਲਾਂ ਵੀ ਕੇਸ ਦਰਜ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਥੇ ਲਗਾਤਾਰ ਕਥਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਬਚਾਈਆਂ ਗਈਆਂ ਲੜਕੀਆਂ ਦੇ ਸਵਾਲਾਂ ਤੇ ਮੌਕੇ 'ਤੇ ਇਕੱਠੇ ਕੀਤੇ ਤੱਥਾਂ ਦੇ ਆਧਾਰ 'ਤੇ ਸਪਾ ਸੈਂਟਰ ਦੇ ਮੈਨੇਜਰ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਇਸ ਨੈੱਟਵਰਕ 'ਚ ਸ਼ਾਮਿਲ ਹੋਰਨਾਂ ਮੁਲਜ਼ਮਾਂ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਏ. ਐਸ. ਪੀ. ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ |