13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਚੰਡੀਗੜ੍ਹ 'ਚ ਬਹੁ-ਮੰਜ਼ਿਲਾ ਪਾਰਕਿੰਗ ਸਹੂਲਤਾਂ ਵਿਕਸਤ ਕਰਨ ਦੀ ਕਵਾਇਦ ਤੇਜ਼ <br/>

ਅਜੀਤ ਡੈਸਕ 13-06-2026
ਚੰਡੀਗੜ੍ਹ, 12 ਜੂਨ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ 'ਚ ਪਾਰਕਿੰਗ ਦੀ ਵਧਦੀ ਸਮੱਸਿਆ ਦੇ ਮੱਦੇਨਜ਼ਰ ਸ਼ਹਿਰ ਲਈ ਆਧੁਨਿਕ ਅਤੇ ਲੰਬੇ ਸਮੇਂ ਦੇ ਹੱਲ ਲੱਭਣ ਦੇ ਯਤਨਾਂ ਤਹਿਤ ਮੇਅਰ ਸੌਰਭ ਜੋਸ਼ੀ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਨਵੀਂ ਦਿੱਲੀ ਵਿਖੇ ਸਫ਼ਲਤਾਪੂਰਵਕ ਚੱਲ ਰਹੇ ਬਹੁ-ਮੰਜ਼ਿਲਾ ਪਾਰਕਿੰਗ ਪ੍ਰਾਜੈਕਟਾਂ ਦਾ ਅਧਿਐਨ ਕੀਤਾ | ਵਫ਼ਦ ਨੇ ਖ਼ਾਸ ਤੌਰ 'ਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ, ਸਮਾਰਟ ਪਾਰਕਿੰਗ ਤਕਨੀਕਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ | ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਇਸ ਦੌਰੇ ਵਿਚ ਮੇਅਰ ਸੌਰਭ ਜੋਸ਼ੀ ਦੇ ਨਾਲ ਯੂ.ਟੀ. ਚੰਡੀਗੜ੍ਹ ਦੇ ਮੁੱਖ ਆਰਕੀਟੈਕਟ ਰਾਜੀਵ ਕੁਮਾਰ ਮਹਿਤਾ ਤੇ ਨਗਰ ਨਿਗਮ ਚੰਡੀਗੜ੍ਹ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਵੀ ਸ਼ਾਮਲ ਸਨ | ਵਫ਼ਦ ਨੇ ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਗ, ਸਰੋਜਨੀ ਨਗਰ, ਗ੍ਰੇਟਰ ਕੈਲਾਸ਼-1 ਸਮੇਤ ਹੋਰ ਥਾਵਾਂ 'ਤੇ ਵਿਕਸਤ ਕੀਤੀਆਂ ਗਈਆਂ ਅਤਿ-ਆਧੁਨਿਕ ਬਹੁ-ਮੰਜ਼ਿਲਾ ਪਾਰਕਿੰਗ ਸਹੂਲਤਾਂ ਦਾ ਜਾਇਜ਼ਾ ਲਿਆ |
ਦੌਰੇ ਦੌਰਾਨ ਵਫ਼ਦ ਨੇ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.), ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਅਤੇ ਨਵੀਂ ਦਿੱਲੀ ਮਿਊਾਸੀਪਲ ਕੌਂਸਲ (ਐਨ.ਡੀ.ਐਮ.ਸੀ.) ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਜਿਹੇ ਪ੍ਰਾਜੈਕਟਾਂ ਦੀ ਯੋਜਨਾਬੰਦੀ, ਨਿਰਮਾਣ, ਸੰਚਾਲਨ ਤੇ ਵਿੱਤੀ ਵਿਹਾਰਕਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਵਫ਼ਦ ਨੇ ਡੀ.ਡੀ.ਏ. ਦੇ ਵਿੱਤ ਮੈਂਬਰ ਚੇਤਨ ਰਾਓ, ਡਾਇਰੈਕਟਰ (ਵਰਕਸ) ਅਮਿਤ ਸਿੰਘ ਤੇ ਮੁੱਖ ਆਰਕੀਟੈਕਟ ਹਰਲੀਨ ਬਹਿਲ ਨਾਲ ਵੀ ਮੁਲਾਕਾਤ ਕੀਤੀ | ਅਧਿਐਨ ਦੌਰਾਨ ਰੋਬੋਟਿਕ ਪਾਰਕਿੰਗ ਪ੍ਰਣਾਲੀਆਂ, ਮਕੈਨਾਈਜ਼ਡ ਪਾਰਕਿੰਗ ਹੱਲਾਂ, ਸਮਾਰਟ ਪਾਰਕਿੰਗ ਪ੍ਰਬੰਧਨ ਤਕਨੀਕਾਂ ਤੇ ਪੀ.ਪੀ.ਪੀ. ਆਧਾਰਿਤ ਵੱਖ-ਵੱਖ ਮਾਡਲਾਂ ਦਾ ਵੀ ਜਾਇਜ਼ਾ ਲਿਆ ਗਿਆ | ਅਧਿਕਾਰੀਆਂ ਨੇ ਦੇਖਿਆ ਕਿ ਇਨ੍ਹਾਂ ਪਾਰਕਿੰਗ ਸਹੂਲਤਾਂ ਨੇ ਭੀੜ-ਭਾੜ ਵਾਲੇ ਵਪਾਰਕ ਖੇਤਰਾਂ ਵਿਚ ਸੜਕਾਂ 'ਤੇ ਬੇਤਰਤੀਬ ਪਾਰਕਿੰਗ ਨੂੰ ਘਟਾਉਣ ਦੇ ਨਾਲ-ਨਾਲ ਟ੍ਰੈਫ਼ਿਕ ਜਾਮ ਦੀ ਸਮੱਸਿਆ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਹੈ | ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਚੰਡੀਗੜ੍ਹ 'ਚ ਗੱਡੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਮੌਜੂਦਾ ਪਾਰਕਿੰਗ ਢਾਂਚੇ 'ਤੇ ਦਬਾਅ ਵੀ ਵਧਦਾ ਜਾ ਰਿਹਾ ਹੈ | ਅਜਿਹੇ 'ਚ ਸ਼ਹਿਰ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਕਨਾਲੋਜੀ ਆਧਾਰਿਤ ਅਤੇ ਨਵੀਨਤਾਕਾਰੀ ਪਾਰਕਿੰਗ ਹੱਲਾਂ ਨੂੰ ਅਪਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸੁਚੱਜੇ ਢੰਗ ਨਾਲ ਯੋਜਨਾਬੱਧ ਬਹੁ-ਮੰਜ਼ਿਲਾ ਪਾਰਕਿੰਗ ਪ੍ਰਾਜੈਕਟ ਨਾ ਸਿਰਫ਼ ਟ੍ਰੈਫਿਕ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣਗੇ, ਸਗੋਂ ਜ਼ਮੀਨ ਦੀ ਬਿਹਤਰ ਵਰਤੋਂ ਅਤੇ ਲੋਕਾਂ ਦੀ ਸਹੂਲਤ ਵਿਚ ਵੀ ਵਾਧਾ ਕਰਨਗੇ | ਉਨ੍ਹਾਂ ਦੱਸਿਆ ਕਿ ਦੌਰੇ ਦੌਰਾਨ ਪ੍ਰਾਪਤ ਤਜਰਬਿਆਂ ਅਤੇ ਸੁਝਾਵਾਂ ਦੇ ਆਧਾਰ 'ਤੇ ਇਕ ਵਿਸਥਾਰਪੂਰਵਕ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਵਿਚ ਚੰਡੀਗੜ੍ਹ ਲਈ ਢੁੱਕਵੇਂ ਮਾਡਲਾਂ ਅਤੇ ਸਿਫ਼ਾਰਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ | ਇਹ ਰਿਪੋਰਟ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ ਤਾਂ ਜੋ ਸ਼ਹਿਰ ਵਿਚ ਆਧੁਨਿਕ ਪਾਰਕਿੰਗ ਢਾਂਚੇ ਦੇ ਵਿਕਾਸ ਸਬੰਧੀ ਅਗਲੇ ਕਦਮ ਚੁੱਕੇ ਜਾ ਸਕਣ | ਮੇਅਰ ਨੇ ਕਿਹਾ ਕਿ ਸਮਾਰਟ ਪਾਰਕਿੰਗ ਪ੍ਰਣਾਲੀਆਂ ਭਵਿੱਖ ਦੇ ਸਮਾਰਟ ਤੇ ਸੁਚਾਰੂ ਚੰਡੀਗੜ੍ਹ ਦੀ ਨੀਂਹ ਸਾਬਤ ਹੋ ਸਕਦੀਆਂ ਹਨ ਤੇ ਇਸ ਦਿਸ਼ਾ ਵਿਚ ਠੋਸ ਕਦਮ ਚੁੱਕਣ ਦੀ ਲੋੜ ਹੈ |

ਪਿਛਲੀ ਖ਼ਬਰ 2.290 ਕਿਲੋ ਚਰਸ ਬਰਾਮਦ, ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੱਕ ਪਹੁੰਚੀਆਂ ਜਾਂਚ ਦੀਆਂ ਤਾਰਾਂ <br/> ਅਗਲੀ ਖ਼ਬਰ ਹਰਜੋਤ ਸਿੰਘ ਬੈਂਸ ਵਲੋਂ ਟਰਾਈਸਿਟੀ ਨਾਲ ਲਗਦੇ ਕਸਬਿਆਂ 'ਚ ਸ਼ਹਿਰੀ ਬੁਨਿਆਦੀ ਢਾਂਚੇ ਸੰਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।