02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੈਕਟਰ-19 ਦੀ ਮਾਰਕੀਟ ’ਚ ਵਧਦੀਆਂ ਸੁਰੱਖਿਆ ਚਿੰਤਾਵਾਂ, ਪੁਲਿਸ ਨਾਲ ਵਪਾਰੀਆਂ ਦੀ ਅਹਿਮ ਮੀਟਿੰਗ

ਅਜੀਤ ਡੈਸਕ 16-06-2026
ਚੰਡੀਗੜ੍ਹ, 15 ਜੂਨ (ਕਪਿਲ ਵਧਵਾ)- ਸ਼ਹਿਰ ਦੀਆਂ ਸਭ ਤੋਂ ਪੁਰਾਣੀਆਂ ਅਤੇ ਵਿਅਸਤ ਮਾਰਕੀਟਾਂ ਵਿਚੋਂ ਇਕ ਸੈਕਟਰ-19 ਸੀ ਦੀ ਮਾਰਕੀਟ ਵਿਚ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿਚਾਲੇ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਵਪਾਰੀਆਂ ਨੇ ਮਾਰਕੀਟ ਖੇਤਰ ਵਿਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਕਾਨੂੰਨ-ਵਿਵਸਥਾ ਨਾਲ ਸਬੰਧਤ ਕਈ ਮੁੱਦੇ ਪੁਲਿਸ ਦੇ ਧਿਆਨ ਵਿਚ ਲਿਆਂਦੇ। ਹਾਲਾਂਕਿ ਸੂਤਰਾਂ ਅਨੁਸਾਰ ਇਸ ਮੀਟਿੰਗ ਦਾ ਮਕਸਦ ਸੈਕਟਰ-19 ਦੇ ਕੱੁਝ ਵਪਾਰੀਆਂ ਨੂੰ ਗੈਂਗਸਟਰਾਂ ਵਲੋਂ ਮਿਲੀ ਧਮਕੀਆਂ ਕਾਰਨ ਪੁਲਿਸ ਵਲੋਂ ਵਪਾਰੀਆਂ ਨੂੰ ਸੁਰੱਖਿਆ ਮਜ਼ਬੂਤ ਕਰਨ ਦਾ ਭਰੋਸਾ ਦੇਣਾ ਸੀ। ਪੁਲਿਸ ਵਿਭਾਗ ਵਲੋਂ ਡੀ.ਐੱਸ.ਪੀ. ਅਭਿਨੰਦਨ, ਥਾਣਾ ਮੁਖੀ ਸਰਿਤਾ ਰੋਏ, ਅਨਿਲ ਡਾਂਗੀ ਅਤੇ ਪ੍ਰਦੀਪ ਕੁਮਾਰ ਹਾਜ਼ਰ ਰਹੇ, ਜਦਕਿ ਮਾਰਕੀਟ ਕਮੇਟੀ ਵਲੋਂ ਪ੍ਰਧਾਨ ਵਿਨੋਦ ਤਲਵਾਰ, ਉਪ ਪ੍ਰਧਾਨ ਵਿਵੇਕ ਜੌਲੀ, ਸਕੱਤਰ-ਕਮ-ਕੈਸ਼ੀਅਰ ਚੰਦਨ ਭਾਟੀਆ ਸਮੇਤ ਸੋਨੂ ਥਾਪਰ, ਸੰਜੇ ਪਾਹਵਾ, ਅੰਸ਼ੁਲ ਅਰੋੜਾ, ਸੁਭਾਸ਼ ਬੰਸਲ ਅਤੇ ਵਿਕੀ ਮਨਚੰਦਾ ਵੀ ਮੌਜੂਦ ਸਨ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਾਰਕੀਟ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਗਾਹਕ ਆਉਂਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਸੁਰੱਖਿਆ ਸਬੰਧੀ ਚਿੰਤਾਵਾਂ ਵਧਣ ਕਾਰਨ ਦੁਕਾਨਦਾਰਾਂ, ਕਰਮਚਾਰੀਆਂ ਅਤੇ ਗਾਹਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਵਪਾਰੀਆਂ ਨੇ ਮਾਰਕੀਟ ਦੇ ਪਿਛਲੇ ਹਿੱਸੇ ਅਤੇ ਜਨਤਕ ਸ਼ੌਚਾਲਿਆਂ ਦੇ ਨੇੜਲੇ ਖੇਤਰਾਂ ਵਿੱਚ ਨਿਯਮਤ ਨਿਗਰਾਨੀ ਦੀ ਮੰਗ ਕਰਦਿਆਂ ਕਿਹਾ ਕਿ ਉੱਥੇ ਕੁੱਝ ਲੋਕਾਂ ਵਲੋਂ ਸ਼ਰੇਆਮ ਸ਼ਰਾਬ ਪੀਣਾ ਅਤੇ ਜੂਏ ਵਰਗੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਮਾਰਕੀਟ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ। ਮੀਟਿੰਗ ਦੌਰਾਨ ਗੈਰ-ਕਾਨੂੰਨੀ ਰੇਹੜੀ-ਫੜੀ ਵਿਕਰੇਤਾਵਾਂ ਦਾ ਮੁੱਦਾ ਵੀ ਉਠਾਇਆ ਗਿਆ। ਵਪਾਰੀਆਂ ਦਾ ਕਹਿਣਾ ਸੀ ਕਿ ਕਈ ਅਣ-ਅਧਿਕਾਰਤ ਵਿਕਰੇਤਾ ਸਾਰਾ ਦਿਨ ਮਾਰਕੀਟ ਖੇਤਰ ਵਿਚ ਕਬਜ਼ਾ ਜਮਾਈ ਰੱਖਦੇ ਹਨ ਅਤੇ ਨਗਰ ਨਿਗਮ ਦੀ ਕਾਰਵਾਈ ਦੀ ਸੂਚਨਾ ਮਿਲਦੇ ਹੀ ਉਥੋਂ ਚਲੇ ਜਾਂਦੇ ਹਨ। ਵਪਾਰੀਆਂ ਨੇ ਮਾਰਕੀਟ ਵਿਚ ਪੁਲਿਸ ਕੰਟਰੋਲ ਰੂਮ ਨਾਲ ਸਿੱਧੇ ਤੌਰ ’ਤੇ ਜੁੜੇ ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਨਿਯਮਤ ਪੁਲਿਸ ਗਸ਼ਤ ਵਧਾਉਣ ਅਤੇ ਵਪਾਰਕ ਸਮੇਂ ਦੌਰਾਨ ਵਾਧੂ ਪੁਲਿਸ ਫੋਰਸ ਅਤੇ ਪੀ.ਸੀ.ਆਰ. ਤਾਇਨਾਤ ਕਰਨ ਦੀ ਮੰਗ ਕੀਤੀ।
ਮਾਰਕੀਟ ਕਮੇਟੀ ਦੇ ਪ੍ਰਧਾਨ ਵਿਨੋਦ ਤਲਵਾਰ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਦੁਕਾਨਦਾਰਾਂ, ਗਾਹਕਾਂ ਅਤੇ ਆਉਣ ਵਾਲੇ ਲੋਕਾਂ ਲਈ ਹੋਰ ਸੁਰੱਖਿਅਤ ਅਤੇ ਬਿਹਤਰ ਮਾਹੌਲ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਉਮੀਦ ਜਤਾਈ ਕਿ ਪੁਲਿਸ ਪ੍ਰਸ਼ਾਸਨ ਜਲਦ ਹੀ ਲੋੜੀਂਦੇ ਕਦਮ ਚੁੱਕ ਕੇ ਮਾਰਕੀਟ ਵਿਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰੇਗਾ।
ਪਿਛਲੀ ਖ਼ਬਰ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਲਈ ਯੂ.ਟੀ. ਪ੍ਰਸ਼ਾਸਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਅਗਲੀ ਖ਼ਬਰ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਬਰਸੀ ’ਤੇ ਖ਼ੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।