ਚੰਡੀਗੜ੍ਹ, 17 ਜੂਨ (ਕਪਿਲ ਵਧਵਾ)– ਸੈਕਟਰ-11 ਵਿਚ ਸ੍ਰੀ ਕੁਮਾਰ ਮੈਡੀਕਲ ਦੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜੰਮੂ ਪੁਲਿਸ ਦੀ ਸਾਂਝੀ ਟੀਮ ਨੇ ਜੰਮੂ ਤੋਂ ਦੋ ਕਥਿਤ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਮਹਿਰਾ ਅਤੇ ਉਸ ਦੇ ਇਕ ਸਾਥੀ ਆਰਯਨ ਵਜੋਂ ਹੋਈ ਹੈ, ਜਦਕਿ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਸੂਤਰਾਂ ਮੁਤਾਬਕ ਟੀਮ ਪਿਛਲੇ ਦੋ ਦਿਨਾਂ ਤੋਂ ਜੰਮੂ ਵਿਚ ਡੇਰਾ ਲਗਾ ਕੇ ਬੈਠੀ ਹੋਈ ਸੀ। ਜੰਗਲੀ ਖੇਤਰ ਵਿਚ ਮੁਲਜ਼ਮਾਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ’ਤੇ ਕਰੀਬ 15 ਕਿਲੋਮੀਟਰ ਦੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਕਾਬੂ ਕਰਕੇ ਸੁਰੱਖਿਅਤ ਹਿਰਾਸਤ ਵਿਚ ਲਿਆ ਗਿਆ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਖ ਮੁਲਜ਼ਮ ਸੰਨੀ ਮਹਿਰਾ ਦਾ ਨਾਮ ਪਹਿਲਾਂ ਜੰਮੂ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਇਕ ਸੀਨੀਅਰ ਅਧਿਕਾਰੀ ਦੇ ਭਤੀਜੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਵੀ ਸਾਹਮਣੇ ਆ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਮੁੜ ਫ਼ੋਨ ਕਰਕੇ ਧਮਕੀਆਂ ਵੀ ਦਿੱਤੀਆਂ ਸਨ। ਪੁਲਿਸ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ, ਹਾਲਾਂਕਿ ਜਾਂਚ ਦੇ ਮੱਦੇਨਜ਼ਰ ਅਜੇ ਸਾਰੇ ਤੱਥ ਜਨਤਕ ਨਹੀਂ ਕੀਤੇ ਗਏ। ਤੀਜੇ ਮੁਲਜ਼ਮ ਦੀ ਪਛਾਣ ਬਾਰੇ ਵੀ ਅਧਿਕਾਰਤ ਤੌਰ ’ਤੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਨੂੰ ਉਮੀਦ ਹੈ ਕਿ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਖਰੜ ਖੇਤਰ ਵਿਚ ਰਹਿ ਰਹੇ ਸਨ ਤੇ ਉਥੋਂ ਹੀ ਆਪਣੀਆਂ ਗਤੀਵਿਧੀਆਂ ਚਲਾ ਰਹੇ ਸਨ। ਜਾਂਚ ਦੌਰਾਨ ਇਕ ਅਹਿਮ ਸੁਰਾਗ ਉਨ੍ਹਾਂ ਵਲੋਂ ਵਰਤੇ ਗਏ ਸਿਮ ਕਾਰਡ ਤੋਂ ਮਿਲਿਆ, ਜਿਸ ਦੀ ਤਕਨੀਕੀ ਜਾਂਚ ਦੇ ਆਧਾਰ ’ਤੇ ਪੁਲਿਸ ਉਨ੍ਹਾਂ ਤੱਕ ਪਹੁੰਚਣ ਵਿਚ ਸਫਲ ਰਹੀ। ਹਾਲਾਂਕਿ ਸ਼ੁਰੂਆਤੀ ਤੌਰ ’ਤੇ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਪਰ ਹੁਣ ਪੁਲਿਸ ਆਪਸੀ ਰੰਜਿਸ਼ ਅਤੇ ਹੋਰ ਸੰਭਾਵਿਤ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਨੂੰ ਦੇਰ ਰਾਤ ਚੰਡੀਗੜ੍ਹ ਲਿਆਂਦਾ ਜਾ ਸਕਦਾ ਹੈ, ਜਿੱਥੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦਾ ਧਿਆਨ ਹੁਣ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਇਸ ਕਤਲਕਾਂਡ ਦੇ ਪਿੱਛੇ ਦੀ ਅਸਲ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ’ਤੇ ਕੇਂਦਰਿਤ ਹੈ।