22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਦੜੂਆ ਦੀ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ

ਅਜੀਤ ਡੈਸਕ 24-06-2026
ਚੰਡੀਗੜ੍ਹ, 23 ਜੂਨ (ਕਪਿਲ ਵਧਵਾ)– ਚੰਡੀਗੜ੍ਹ ਦੇ ਪਿੰਡ ਦੜੂਆ ਸਥਿਤ ਮਿਠਾਈਆਂ ਦੇ ਗੱਤੇ ਦੇ ਡੱਬੇ ਬਣਾਉਣ ਵਾਲੀ ਇਕ ਫੈਕਟਰੀ ਵਿਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ, ਜਿਸ ਕਾਰਨ ਇਲਾਕੇ ਵਿਚ ਹੜਕੰਪ ਮਚ ਗਿਆ। ਦੇਖਦੇ ਹੀ ਦੇਖਦੇ ਅੱਗ ਨੇ ਫੈਕਟਰੀ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਨਾਲ ਲੱਗਦੀ ਚੰਡੀਗੜ੍ਹ ਸਵੀਟਸ ਤੱਕ ਵੀ ਪਹੁੰਚ ਗਈ, ਜਿਸ ਨਾਲ ਉੱਥੇ ਵੀ ਭਾਰੀ ਨੁਕਸਾਨ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-17, ਸੈਕਟਰ-11, ਰਾਮਦਰਬਾਰ ਅਤੇ ਇੰਡਸਟਰੀਅਲ ਏਰੀਆ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਕੁੱਲ ਨੌਂ ਫਾਇਰ ਟੈਂਡਰ ਤਾਇਨਾਤ ਕੀਤੇ ਗਏ। ਫਾਇਰ ਕਰਮਚਾਰੀਆਂ ਨੇ ਦੋਵੇਂ ਪਾਸਿਆਂ ਤੋਂ ਅੱਗ ਬੁਝਾਉਣ ਦਾ ਅਭਿਆਨ ਸ਼ੁਰੂ ਕੀਤਾ। ਚਸ਼ਮਦੀਦਾਂ ਅਨੁਸਾਰ ਫੈਕਟਰੀ ਵਿਚ ਵੱਡੀ ਮਾਤਰਾ ਵਿਚ ਗੱਤਾ ਅਤੇ ਹੋਰ ਜਲਣਸ਼ੀਲ ਪੈਕਿੰਗ ਸਮੱਗਰੀ ਰੱਖੀ ਹੋਈ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਕਾਰਨ ਉੱਠੇ ਸੰਘਣੇ ਧੂੰਏਂ ਨਾਲ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰ ਕੇ ਲੋਕਾਂ ਦੀ ਆਵਾਜਾਈ ਸੀਮਤ ਕਰ ਦਿੱਤੀ। ਸੂਚਨਾ ਮਿਲਣ ਉਪਰੰਤ ਇੰਡਸਟਰੀਅਲ ਏਰੀਆ ਥਾਣਾ ਮੁਖੀ ਸਤਨਾਮ ਸਿੰਘ, ਡੀਐਸਪੀ ਰਾਮਗੋਪਾਲ ਨੇ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਜਿਸ ਫੈਕਟਰੀ ਵਿਚ ਅੱਗ ਲੱਗੀ ਓਥੇ ਮਿਠਾਈਆਂ ਦੇ ਡੱਬੇ ਬਣਦੇ ਸਨ। ਫੈਕਟਰੀ ਦੇ ਮਾਲਕ ਅਮ੍ਰਿਤਪਾਲ ਸਿੰਘ ਘਟਨਾ ਵੇਲੇ ਆਪਣੇ ਪਰਿਵਾਰ ਸਮੇਤ ਨੈਨੀਤਾਲ ਗਏ ਹੋਏ ਸਨ।ਉੱਧਰ ਚੰਡੀਗੜ੍ਹ ਸਵੀਟਸ ਦੇ ਮਾਲਕ ਨਰੇਸ਼ ਸਿੰਘਾਨੀਆ ਨੇ ਦੱਸਿਆ ਕਿ ਅੱਗ ਉਨ੍ਹਾਂ ਦੀ ਦੁਕਾਨ ਤੱਕ ਵੀ ਪਹੁੰਚ ਗਈ, ਜਿਸ ਕਾਰਨ ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ।ਫਾਇਰ ਅਫਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 11:30 ਵਜੇ ਤੱਕ 80 ਫੀਸਦੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ, ਜਦਕਿ ਬਾਕੀ ਹਿੱਸੇ ਵਿਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਸੀ। ਉਨ੍ਹਾਂ ਕਿਹਾ ਕਿ ਗੱਤੇ ਅਤੇ ਪੈਕਿੰਗ ਸਮੱਗਰੀ ਕਾਰਨ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲਾਂ ਆਈਆਂ ਕਿਉਂਕਿ ਅਜਿਹੀ ਸਮੱਗਰੀ ਦੇ ਅੰਦਰ ਲੰਬੇ ਸਮੇਂ ਤੱਕ ਸੁਲਗਣ ਬਣੀ ਰਹਿੰਦੀ ਹੈ। ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਕਿਸਮ ਦੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮੁੱਢਲੀ ਜਾਂਚ ਵਿਚ ਸ਼ਾਰਟ ਸਰਕਟ ਸਮੇਤ ਹੋਰ ਸੰਭਾਵਿਤ ਕਾਰਨਾਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਨਾਬਾਲਗ ਦੇ ਹੱਥ ’ਚੋਂ ਕੱਢੀ ਗਈ ਗੋਲੀ, ਹਥਿਆਰ ਸਪਲਾਈ ਕਰਨ ਵਾਲੇ ਦੀ ਭਾਲ ਜਾਰੀ ਅਗਲੀ ਖ਼ਬਰ ਮਾਮਲਾ ਉੱਤਰਾਖੰਡ ਵਿਖੇ ਪਾਰਕਿੰਗ ਨੂੰ ਲੈ ਕੇ ਹੋਈ ਘਟਨਾ ਦਾ ਸਿੱਖ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਪਾਸੜ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।