ਪੰਚਕੂਲਾ, 23 ਜੂਨ (ਕਪਿਲ)-ਆਈ. ਡੀ. ਐਫ. ਸੀ. ਫਸਟ ਬੈਂਕ ਘੁਟਾਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਹਰਿਆਣਾ ਦੇ ਸੀਨੀਅਰ ਆਈ. ਏ. ਐਸ. ਅਧਿਕਾਰੀ ਪੰਕਜ ਅਗਰਵਾਲ ਨੂੰ ਬੀਤੇ ਦਿਨੀਂ ਪੰਚਕੂਲਾ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਦੋ ਦਿਨਾਂ ਦੇ ਸੀ. ਬੀ. ਆਈ. ਰਿਮਾਂਡ ‘ਤੇ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਕਜ ਅਗਰਵਾਲ ਹਰਿਆਣਾ ਸਰਕਾਰ ‘ਚ ਸਕੂਲ ਸਿੱਖਿਆ ਅਤੇ ਖੇਤੀਬਾੜੀ ਵਿਭਾਗ ਦੇ ਪ੍ਰਧਾਨ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਉਨ੍ਹਾਂ ਨੂੰ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਖਾਤਿਆਂ ‘ਚੋਂ ਕਰੋੜਾਂ ਰੁ. ਦੀ ਕਥਿਤ ਹੇਰਾਫੇਰੀ ਨਾਲ ਜੁੜੇ ਬਹੁ-ਚਰਚਿੱਤ ਆਈ. ਡੀ. ਐਫ. ਸੀ. ਫਸਟ ਬੈਂਕ ਘੁਟਾਲੇ ਦੇ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਸੀ. ਬੀ. ਆਈ. ਅਨੁਸਾਰ ਇਹ ਮਾਮਲਾ ਸਰਕਾਰੀ ਪੈਸੇ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਟਰਾਂਸਫਰ ਨਾਲ ਸੰਬੰਧਿਤ ਹੈ। ਸ਼ੁਰੂਆਤੀ ਜਾਂਚ ‘ਚ ਸਰਕਾਰੀ ਰਕਮ ਨੂੰ ਨਿੱਜੀ ਖਾਤਿਆਂ ਅਤੇ ਸੈੱਲ ਕੰਪਨੀਆਂ ਰਾਹੀਂ ਟਰਾਂਸਫਰ ਕੀਤੇ ਜਾਣ ਦੇ ਦੋਸ਼ ਸਾਹਮਣੇ ਆਏ ਹਨ। ਸੀ. ਬੀ. ਆਈ. ਇਸ ਮਾਮਲੇ ‘ਚ ਪਹਿਲਾਂ ਵੀ ਕਈ ਬੈਂਕ ਅਧਿਕਾਰੀਆਂ, ਸਰਕਾਰੀ ਕਰਮਚਾਰੀਆਂ ਅਤੇ ਹੋਰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸੇ ਦੌਰਾਨ ਬਚਾਅ ਪੱਖ ਦੇ ਵਕੀਲ ਵਿਸ਼ਾਲ ਗਰਗ ਨੇ ਦੱਸਿਆ ਕਿ ਅਦਾਲਤ ‘ਚ ਮਾਮਲੇ ਦੀ ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਪੰਕਜ ਅਗਰਵਾਲ ਦੇ ਤਿੰਨ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਸੀ. ਬੀ. ਆਈ. ਦੀ ਅਰਜ਼ੀ ‘ਤੇ ਵਿਚਾਰ ਕਰਨ ਤੋਂ ਬਾਅਦ ਦੋ ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ ਹੈ। ਜਾਣਕਾਰੀ ਮੁਤਾਬਿਕ ਆਈ. ਡੀ. ਐਫ. ਸੀ. ਫਸਟ ਬੈਂਕ ਅਤੇ ਏ. ਯੂ. ਸਮਾਲ ਫਾਈਨਾਂਸ ਬੈਂਕ ਨਾਲ ਜੁੜੇ ਇਸ ਕਥਿਤ ਘੁਟਾਲੇ ਦੀ ਰਕਮ 590 ਕਰੋੜ ਤੋਂ ਲੈ ਕੇ 645 ਕਰੋੜ ਰੁ. ਤੋਂ ਵੱਧ ਦੱਸੀ ਜਾ ਰਹੀ ਹੈ। ਸੀ. ਬੀ. ਆਈ., ਈ. ਡੀ. ਅਤੇ ਹੋਰ ਜਾਂਚ ਏਜੰਸੀਆਂ ਪੂਰੇ ਮਾਮਲੇ ਅਤੇ ਇਸ ਨਾਲ ਜੁੜੇ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ। ਸੀ. ਬੀ. ਆਈ. ਹੁਣ ਰਿਮਾਂਡ ਦੌਰਾਨ ਪੰਕਜ ਅਗਰਵਾਲ ਤੋਂ ਪੁੱਛਗਿੱਛ ਕਰਕੇ ਘਪਲੇ ‘ਚ ਉਸ ਦੀ ਭੂਮਿਕਾ ਅਤੇ ਇਸ ‘ਚ ਸ਼ਾਮਿਲ ਹੋਰਨਾਂ ਸੰਭਾਵਿਤ ਵਿਅਕਤੀਆਂ ਬਾਰੇ ਜਾਣਕਾਰੀ ਇਕੱਤਰ ਕਰੇਗੀ।