07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੋਸ਼ਣ ਟਰੈਕਰ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ’ਚ ਬਾਲ ਪੋਸ਼ਣ ਸੂਚਕਾਂ ’ਚ ਲਗਾਤਾਰ ਸੁਧਾਰ

ਅਜੀਤ ਡੈਸਕ 14-07-2026
ਚੰਡੀਗੜ੍ਹ, 13 ਜੁਲਾਈ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ, ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਕਿਹਾ ਹੈ ਕਿ ਐੱਨ. ਐੱਫ਼. ਐੱਚ. ਐੱਸ.-6 ਅਤੇ ਪੋਸ਼ਣ ਟਰੈਕਰ ਵੱਖ-ਵੱਖ ਉਦੇਸ਼ਾਂ ਲਈ ਤਿਆਰ ਕੀਤੀਆਂ ਗਈਆਂ ਪ੍ਰਣਾਲੀਆਂ ਹਨ। ਵਿਭਾਗ ਅਨੁਸਾਰ ਪੋਸ਼ਣ ਟਰੈਕਰ ਦੇ ਰੀਅਲ-ਟਾਈਮ ਅੰਕੜੇ ਚੰਡੀਗੜ੍ਹ ’ਚ ਬੱਚਿਆਂ ਦੀ ਪੋਸ਼ਣ ਸਥਿਤੀ ਵਿਚ ਲਗਾਤਾਰ ਸੁਧਾਰ ਨੂੰ ਦਰਸਾ ਰਹੇ ਹਨ। ਵਿਭਾਗ ਵਲੋਂ ਜਾਰੀ ਸਪੱਸ਼ਟੀਕਰਨ ’ਚ ਕਿਹਾ ਗਿਆ ਹੈ ਕਿ ਐੱਨ. ਐੱਫ਼. ਐੱਚ. ਐੱਸ.-6 ਦਾ ਸਰਵੇਖਣ 3 ਅਪ੍ਰੈਲ ਤੋਂ 1 ਅਕਤੂਬਰ 2024 ਤੱਕ 806 ਪਰਿਵਾਰਾਂ, 766 ਮਹਿਲਾਵਾਂ ਅਤੇ 120 ਪੁਰਸ਼ਾਂ ਦੇ ਵਿਗਿਆਨਕ ਤੌਰ ’ਤੇ ਚੁਣੇ ਗਏ ਨਮੂਨੇ ’ਤੇ ਆਧਾਰਿਤ ਸੀ। ਦੂਜੇ ਪਾਸੇ ਪੋਸ਼ਣ ਟਰੈਕਰ ’ਤੇ ਇਸ ਵੇਲੇ 34,619 ਰਜਿਸਟਰਡ ਬੱਚਿਆਂ ਦਾ ਰੀਅਲ-ਟਾਈਮ ਡਾਟਾ ਉਪਲਬਧ ਹੈ, ਜਿਸ ’ਚ 2,700 ਬੱਚੇ 0 ਤੋਂ 6 ਮਹੀਨੇ, 16,587 ਬੱਚੇ 6 ਮਹੀਨੇ ਤੋਂ 3 ਸਾਲ ਅਤੇ 15,332 ਬੱਚੇ 3 ਤੋਂ 6 ਸਾਲ ਉਮਰ ਵਰਗ ਦੇ ਸ਼ਾਮਲ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐੱਨ. ਐੱਫ਼. ਐੱਚ. ਐੱਸ.-6 ਇਕ ਰਾਸ਼ਟਰੀ ਪੱਧਰ ਦਾ ਨਮੂਨਾ ਆਧਾਰਿਤ ਸਰਵੇਖਣ ਹੈ, ਜਦਕਿ ਪੋਸ਼ਣ ਟਰੈਕਰ ਆਂਗਣਵਾੜੀ ਸੇਵਾਵਾਂ ਅਧੀਨ ਰਜਿਸਟਰਡ ਬੱਚਿਆਂ ਦੇ ਕੱਦ, ਵਜ਼ਨ ਅਤੇ ਹੋਰ ਸਰੀਰਕ ਮਾਪਾਂ ਦਾ ਰੀਅਲ-ਟਾਈਮ ਰਿਕਾਰਡ ਰੱਖਣ ਵਾਲਾ ਪ੍ਰੋਗਰਾਮ ਅਧਾਰਿਤ ਪਲੇਟਫਾਰਮ ਹੈ। ਇਸ ਰਾਹੀਂ ਬੱਚਿਆਂ ਦੀ ਨਿਰੰਤਰ ਨਿਗਰਾਨੀ, ਕੁਪੋਸ਼ਣ ਦੀ ਸਮੇਂ ਸਿਰ ਪਛਾਣ ਅਤੇ ਲੋੜੀਂਦੀਆਂ ਪੋਸ਼ਣ ਅਤੇ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਂਦੀਆਂ ਹਨ।
ਅਧਿਕਾਰੀਆਂ ਅਨੁਸਾਰ ਪੋਸ਼ਣ ਟਰੈਕਰ ਨਾਲ ਜੁੜੇ ਬੱਚਿਆਂ ਨੂੰ ਮਿਸ਼ਨ ਸਮਰੱਥ ਆਂਗਣਵਾੜੀ ਅਤੇ ਪੋਸ਼ਣ 2.0 ਤਹਿਤ ਨਿਯਮਿਤ ਵਿਕਾਸ ਨਿਗਰਾਨੀ, ਪੂਰਕ ਪੋਸ਼ਣ, ਪੋਸ਼ਣ ਤੇ ਸਿਹਤ ਸਬੰਧੀ ਸਲਾਹ, ਸਮੇਂ ਸਿਰ ਸਿਹਤ ਸੰਸਥਾਵਾਂ ਨੂੰ ਰੈਫਰਲ ਅਤੇ ਫਾਲੋਅਪ ਵਰਗੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਐੱਨ. ਐੱਫ਼. ਐੱਚ. ਐੱਸ.-6 ਵਿਚ ਚੰਡੀਗੜ੍ਹ ’ਚ ਵੇਸਟਿੰਗ ਦੀ ਦਰ 22.8 ਫ਼ੀਸਦੀ ਦਰਜ਼ ਕੀਤੀ ਗਈ ਹੈ, ਜਦਕਿ ਪੋਸ਼ਣ ਟਰੈਕਰ ਵਿਚ ਇਹ ਦਰ ਚੰਡੀਗੜ੍ਹ ਲਈ 0.93 ਫ਼ੀਸਦੀ ਹੈ। ਇਸੇ ਤਰ੍ਹਾਂ ਸਟੰਟਿੰਗ ਦੀ ਦਰ ਐੱਨ. ਐੱਫ਼. ਐੱਚ. ਐੱਸ.-6 ਵਿਚ 19 ਫ਼ੀਸਦੀ ਦੇ ਮੁਕਾਬਲੇ ਪੋਸ਼ਣ ਟਰੈਕਰ ’ਚ 10.28 ਫ਼ੀਸਦੀ ਦਰਜ਼ ਕੀਤੀ ਗਈ ਹੈ। ਘੱਟ ਵਜ਼ਨ ਵਾਲੇ ਬੱਚਿਆਂ ਦੀ ਦਰ ਐੱਨ.ਐੱਫ਼.ਐੱਚ.ਐੱਸ.-6 ਵਿਚ 31.6 ਫ਼ੀਸਦੀ ਹੈ, ਜਦਕਿ ਪੋਸ਼ਣ ਟਰੈਕਰ ਅਨੁਸਾਰ ਇਹ 4.81 ਫ਼ੀਸਦੀ ਹੈ। ਵਿਭਾਗ ਨੇ ਵਿਸ਼ਵਾਸ ਜਤਾਇਆ ਕਿ ਦੋਵੇਂ ਪ੍ਰਣਾਲੀਆਂ ਮਿਲ ਕੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ਵਿਚ ਹੋਰ ਸੁਧਾਰ ਲਿਆਉਣ ਲਈ ਸਰਕਾਰ ਦੇ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ।
ਪਿਛਲੀ ਖ਼ਬਰ ਕੋਵਿਡ ਤੋਂ ਬਾਅਦ ਐਕਸਿਸ ਮੈਕਸ ਲਾਈਫ ਦੇ ਗਾਹਕਾਂ ਦੀ ਗਿਣਤੀ ’ਚ 34 ਫ਼ੀਸਦੀ ਵਾਧਾ- ਸੁਮਿਤ ਮਦਾਨ ਅਗਲੀ ਖ਼ਬਰ ਸੀ. ਐੱਮ. ਸੀ ਬਾਗਬਾਨੀ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।