07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

‘ਹਰਿਆਣਾ ਵਿਚ ਵੋਕੇਸ਼ਨਲ ਸਿੱਖਿਆ ਨੇ ਫੜੀ ਰਫ਼ਤਾਰ, ਦੁੱਗਣਾ ਹੋਵੇਗਾ ਵਿਸਤਾਰ - ਮੁੱਖ ਸਕੱਤਰ ਅਨੁਰਾਗ ਰਸਤੋਗੀ

ਅਜੀਤ ਡੈਸਕ 19-07-2026
ਚੰਡੀਗੜ੍ਹ, 18 ਜੁਲਾਈ ( ਰਾਮ ਸਿੰਘ ਬਰਾੜ ) - ਹਰਿਆਣਾ ਸਰਕਾਰ ਸਰਕਾਰੀ ਸਕੂਲਾਂ ਵਿਚ ਵੋਕੇਸ਼ਨਲ ਸਿੱਖਿਆ ਦਾ ਦਾਇਰਾ ਦੁੱਗਣਾ ਕਰਨ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਅਤੇ ਫਾਈਨੈਂਸ਼ੀਅਲ ਟੈਕਨਾਲੋਜੀ (ਫਿਨਟੈਕ) ਵਰਗੇ ਆਧੁਨਿਕ ਵਿਸ਼ੇ ਸ਼ੁਰੂ ਕਰਨ ਅਤੇ ਡਿਜੀਟਲ ਤੇ ਹੁਨਰ ਅਧਾਰਤ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਹੁਨਰ ਪ੍ਰਦਾਨ ਕਰਕੇ ਰੁਜ਼ਗਾਰ ਅਤੇ ਉੱਚ ਸਿੱਖਿਆ ਲਈ ਤਿਆਰ ਕਰਨਾ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਸਮੱਗਰ ਸਿੱਖਿਆ ਯੋਜਨਾ ਦੀ ਸਮੀਖਿਆ ਮੀਟਿੰਗ ਵਿਚ ਇਸ ਸਬੰਧੀ ਤਿਆਰ ਕੀਤੀ ਗਈ ਕਾਰਜ ਯੋਜਨਾ ਦੀ ਸਮੀਖਿਆ ਕੀਤੀ। ਮੀਟਿੰਗ ਵਿਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ। ਮੀਟਿੰਗ ਵਿਚ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਗੁਣਵੱਤਾਪੂਰਣ ਸਿੱਖਿਆ, ਆਧੁਨਿਕ ਬੁਨਿਆਦੀ ਸਹੂਲਤਾਂ ਅਤੇ ਉਦਯੋਗ-ਮੁਖੀ ਹੁਨਰ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿਚ 100 ਫ਼ੀਸਦੀ ਦਾਖਲਾ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਦੇ ਲਰਨਿੰਗ ਆਊਟਕਮ ਵਿਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕਰਨ ਦੇ ਨਿਰਦੇਸ਼ ਦਿੱਤੇ।
ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇ ਸਿੰਘ ਦਹੀਆ ਨੇ ਦੱਸਿਆ ਕਿ ਸਰਕਾਰ ਨੇ ਪਹਿਲੇ ਪੜਾਅ ਵਿਚ 306 ਵਾਧੂ ਸਰਕਾਰੀ ਸਕੂਲਾਂ ਵਿਚ ਵਪਾਰਕ ਸਿੱਖਿਆ ਸ਼ੁਰੂ ਕਰਨ ਦੀ ਮਹੱਤਵਕਾਂਸ਼ੀ ਯੋਜਨਾ ਤਿਆਰ ਕੀਤੀ ਹੈ। ਇਸ ਨਾਲ ਸਾਲ 2026-27 ਵਿਚ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵਿਚ ਵੋਕਸ਼ਨਲ ਸਿੱਖਿਆ ਦੀ ਪਹੁੰਚ 31 ਫ਼ੀਸਦੀ ਤੋਂ ਵਧ ਕੇ 60 ਫ਼ੀਸਦੀ ਹੋ ਜਾਵੇਗੀ। ਸਰਕਾਰ ਦਾ ਲੰਬੇ ਸਮੇਂ ਦਾ ਟੀਚਾ ਇਸ ਪ੍ਰੋਗਰਾਮ ਨੂੰ ਸੂਬੇ ਦੇ ਸਾਰੇ ਸਰਕਾਰੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਤੱਕ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਚੱਲ ਰਹੇ 15 ਵਪਾਰਕ ਖੇਤਰਾਂ ਤੋਂ ਇਲਾਵਾ ਵਿਭਾਗ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਅਤੇ ਫਾਈਨੈਂਸ਼ੀਅਲ ਟੈਕਨਾਲੋਜੀ (ਫਿਨਟੈਕ) ਵਰਗੇ ਨਵੇਂ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਉੱਭਰਦੀਆਂ ਤਕਨਾਲੋਜੀਆਂ ਦਾ ਸ਼ੁਰੂਆਤੀ ਗਿਆਨ ਮਿਲੇਗਾ ਅਤੇ ਉਹ ਭਵਿੱਖ ਦੇ ਰੁਜ਼ਗਾਰ ਦੇ ਮੌਕਿਆਂ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣਗੇ। ਮੀਟਿੰਗ ਵਿਚ ਦੱਸਿਆ ਗਿਆ ਕਿ ਵੋਕੇਸ਼ਨਲ ਸਿੱਖਿਆ ਪ੍ਰੋਗਰਾਮ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਸਾਲ 2025-26 ਦੌਰਾਨ 1,382 ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਲਗਭਗ 1.58 ਲੱਖ ਵਿਦਿਆਰਥੀਆਂ ਨੂੰ ਵਰਕਸ਼ਾਪਾਂ, ਇੰਟਰਨਸ਼ਿਪਾਂ, ਪ੍ਰੋਜੈਕਟਾਂ ਅਤੇ ਹੁਨਰ ਮੇਲਿਆਂ ਰਾਹੀਂ ਕਿੱਤਾਮੁਖੀ ਸਿੱਖਿਆ ਤੋਂ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਸੈਕੰਡਰੀ ਪੱਧਰ ’ਤੇ 1,398 ਸਰਕਾਰੀ ਸਕੂਲਾਂ ਵਿਚ 2.13 ਲੱਖ ਵਿਦਿਆਰਥੀ ਵੋਕੇਸ਼ਨਲ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿਚੋਂ ਲਗਭਗ 45 ਫ਼ੀਸਦੀ ਵਿਦਿਆਰਥੀਆਂ ਨੇ ਹੁਨਰ ਅਧਾਰਤ ਕੋਰਸਾਂ ਦੀ ਚੋਣ ਕੀਤੀ ਹੈ।
ਰਾਜ ਪ੍ਰੋਜੈਕਟ ਡਾਇਰੈਕਟਰ ਸਵਪਨਿਲ ਰਵਿੰਦਰ ਪਾਟਿਲ ਨੇ ਦੱਸਿਆ ਕਿ ਹਰਿਆਣਾ ਬਹੁਭਾਸ਼ੀ ਸਿੱਖਿਆ ਨੂੰ ਵੀ ਪ੍ਰੋਤਸਾਹਿਤ ਕਰ ਰਿਹਾ ਹੈ। ਮੌਜੂਦਾ ਸਮੇਂ ਵਿਚ 26 ਸਰਕਾਰੀ ਸਕੂਲਾਂ ਵਿਚ ਲਗਭਗ 4,000 ਵਿਦਿਆਰਥੀਆਂ ਨੂੰ ਫਰੈਂਚ ਭਾਸ਼ਾ ਪੜ੍ਹਾਈ ਜਾ ਰਹੀ ਹੈ, ਜਦਕਿ ਅਗਲੇ ਪੜਾਅ ਵਿਚ ਸਰਕਾਰੀ ਸਕੂਲਾਂ ਵਿਚ ਜਰਮਨ ਭਾਸ਼ਾ ਵੀ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ਫੈਸਲੇ ਅਨੁਸਾਰ ਸਕੂਲਾਂ ਦੀ ਜ਼ਿਲ੍ਹਾ ਪੱਧਰੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਕੂਲ ਸਿੱਖਿਆ ਦੀ ਸਮੱਗਰ ਨਿਗਰਾਨੀ ਅਤੇ ਸੁਪਰਵਿਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਏ.ਡੀ.ਸੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦੇ ਵਿਕਾਸ, ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ, ਡਿਜੀਟਲ ਸਹੂਲਤਾਂ ਦੀ ਸਾਂਭ-ਸੰਭਾਲ, ਸਵੱਛਤਾ, ਸਿੱਖਿਆ ਦੀ ਗੁਣਵੱਤਾ, ਵਿਦਿਆਰਥੀਆਂ ਦੀ ਹਾਜ਼ਰੀ ਅਤੇ ਅਨੁਸ਼ਾਸਨ ਦੇ ਨਾਲ-ਨਾਲ ਉਸਾਰੀ ਕਾਰਜਾਂ ਅਤੇ ਹੋਰ ਵਿੱਦਿਅਕ ਗਤੀਵਿਧੀਆਂ ਦੀ ਸਮੇਂ ਸਿਰ ਪ੍ਰਗਤੀ ਦੀ ਨਿਗਰਾਨੀ ਕਰਨਗੇ। ਇਸ ਨਾਲ ਜ਼ਿਲ੍ਹਾ ਪੱਧਰ ’ਤੇ ਪ੍ਰਭਾਵੀ ਸੁਪਰਵੀਜ਼ਨ ਯਕੀਨੀ ਹੋਵੇਗੀ ਅਤੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਵਿਚ ਹੋਰ ਸੁਧਾਰ ਆਵੇਗਾ।
ਪਿਛਲੀ ਖ਼ਬਰ ਧਾਰਾ 138 ਐਨ.ਆਈ. ਐਕਟ ਨਾਲ ਸਬੰਧਿਤ ਕੇਸਾਂ ਲਈ ਵਿਸ਼ੇਸ਼ ਲੋਕ ਅਦਾਲਤ ਲਗਾਈ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੋਕੂਨ ਹਸਪਤਾਲ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।