ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਜ਼ਿਲ੍ਹਾ ਮੁਹਾਲੀ ਦਾ ਪ੍ਰਮੁੱਖ ਸ਼ਹਿਰ ਖਰੜ ਵਿਕਾਸ ਪੱਖੋਂ ਪਛੜ ਚੁੱਕਿਆ ਹੈ ਅਤੇ ਸ਼ਹਿਰ ਵਿਚ ਸੀਵਰੇਜ ਦਾ ਬਹੁਤ ਮਾੜਾ ਹਾਲ ਹੈ ਅਤੇ ਥੋੜ੍ਹੀ ਜਿਹੀ ਬਾਰਿਸ਼ ਪੈਣ ‘ਤੇ ਹੀ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੀਆਂ ਗਲੀਆਂ ਵਿਚ ਘੁੰਮਣ ਲੱਗ ਜਾਂਦਾ ਹੈ, ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਵਿਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੂੜਾ ਗਲੀਆਂ ਵਿਚ ਪਿਆ ਹੈ ਅਤੇ ਥਾਂ-ਥਾਂ ‘ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ ਤੇ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਸੜਕਾਂ ‘ਤੇ ਖੜ੍ਹਾ ਰਹਿੰਦਾ ਹੈ ਅਤੇ ਇਸ ਕਾਰਨ ਖਸਤਾ ਹਾਲਤ ਸੜਕਾਂ ‘ਚ ਪਏ ਖੱਡਿਆਂ ‘ਚ ਫਸ ਕੇ ਰਾਹਗੀਰ ਸੱਟਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਇਸ ਕਦਰ ਮਾੜੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਆਵਾਜਾਈ ਪੱਖੋਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਖਰੜ ਸ਼ਹਿਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਜਿਹੜੀਆਂ ਕਾਲੋਨੀਆਂ ਦੇ ਨਕਸ਼ੇ ਪਾਸ ਹਨ, ਉਨ੍ਹਾਂ ਕਾਲੋਨੀਆਂ ‘ਚ ਵੀ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੋਣ ਕਾਰਨ ਅਕਸਰ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਰੜ ਸ਼ਹਿਰ ਦੇ ਹਾਲਾਤਾਂ ‘ਚ ਸੁਧਾਰ ਕੀਤਾ ਜਾਵੇ।