07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੰਜਾਬ ਯੂਨੀਵਰਸਿਟੀ ਦੀ ਪੀ. ਐਚ .ਡੀ. ਸਕਾਲਰ ਦੀ ਕਰੰਟ ਲੱਗਣ ਕਾਰਨ ਮੌਤ

ਅਜੀਤ ਡੈਸਕ 29-07-2026

ਚੰਡੀਗੜ੍ਹ, 28 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮਾਈਕ੍ਰੋਬਾਇਓਲੋਜੀ ਵਿਭਾਗ ਦੀ 28 ਸਾਲਾ ਪੀ. ਐਚ. ਡੀ. ਸਕਾਲਰ ਦੀ ਮੰਗਲਵਾਰ ਨੂੰ ਕੁੜੀਆਂ ਦੇ ਹੋਸਟਲ ਨੰਬਰ 10 ਨੇੜੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਦੋ ਇਸ ਗੱਲ ਦਾ ਪਤਾ ਵਿਦਿਆਰਥੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕਿ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਅੰਦੋਲਨਕਾਰੀ ਵਿਦਿਆਰਥੀਆਂ ਨੇ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਦੇ ਦਫ਼ਤਰ ਦੇ ਬਾਹਰ ਬੈਰੀਕੇਡ ਤੋੜ ਕੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਜਵਾਬਦੇਹੀ ਦੀ ਮੰਗ ਕੀਤੀ। ਮ੍ਰਿਤਕਾ, ਜਿਸਦੀ ਪਛਾਣ ਜੋਤੀ ਯਾਦਵ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਆਪਣੀ ਪੀਐਚ.ਡੀ ਦੇ ਚੌਥੇ ਸਾਲ ਵਿਚ ਕਰ ਰਹੀ ਸੀ ਅਤੇ ਵਿਆਹੀ ਹੋਈ ਸੀ। ਕਥਿਤ ਤੌਰ ’ਤੇ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਗਰਲਜ਼ ਹੋਸਟਲ ਨੰਬਰ 8 ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਜੋੜਦੇ ਇਕ ਕੱਚੇ ਰਸਤੇ ਰਾਹੀਂ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਗਠਿਤ ਕਰ ਦਿੱਤੀ। ਉਨ੍ਹਾਂ ਕਮੇਟੀ ਨੂੰ ਤੁਰੰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਇਸ ਦੌਰਾਨ ਗ਼ੁੱਸੇ ਵਿਚ ਆਏ ਵਿਦਿਆਰਥੀਆਂ ਨੇ ਉਪ ਕੁਲਪਤੀ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਕਥਿਤ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ। ਇਸ ਘਟਨਾ ਤੋਂ ਬਾਅਦ ਕੈਂਪਸ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਘਟਨਾ ਵਾਪਰੀ, ਉੱਥੇ ਬਿਜਲੀ ਦੇ ਖੰਭਿਆਂ ਉੱਤੇ ਕਥਿਤ ਤੌਰ ਉੱਤੇ ਖੁੱਲ੍ਹੀਆਂ ਤਾਰਾਂ ਛੱਡੀਆਂ ਹੋਈਆਂ ਸਨ। ਉਕਤ ਨੂੰ ਜੀ.ਐਮ.ਸੀ.ਐਚ ਹਸਪਤਾਲ ਲਿਜਾਇਆ ਗਿਆ ਸੀ, ਜਿਸ ਨੂੰ ਮੌਕੇ ’ਤੇ ਡਾਕਟਰਾਂ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਕੈਂਪਸ ਵਿਚ ਬਿਜਲੀ ਸੁਰੱਖਿਆ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਚੰਡੀਗੜ੍ਹ ’ਚ ਭਾਰੀ ਮੀਂਹ ਪੈਣ ਕਾਰਨ ਸੜਕਾਂ ਹੋਈਆਂ ਜਲਥਲ ਅਗਲੀ ਖ਼ਬਰ ਬਰਨਾਲਾ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ-ਗੁਰਬਚਨ ਸਿੰਘ ਬੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।