06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵਲੋਂ ਖ਼ੁਦਕੁਸ਼ੀ

ਅਜੀਤ ਡੈਸਕ 31-07-2026
ਖਰੜ, 30 ਜੁਲਾਈ (ਜੰਡਪੁਰੀ)- ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਵਿਆਹੁਤਾ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਆਪਣੇ ਸਹੁਰੇ ਪਰਿਵਾਰ ਨਾਲ ਘੁੰਮਿਆਰਾ ਵਾਲਾ ਮੁਹੱਲਾ ਮੁੰਡੀ ਖਰੜ ਵਿਖੇ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ। ਦੂਸਰੇ ਪਾਸੇ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪ੍ਰਿਤਪਾਲ ਸਿੰਘ ਵਾਸੀ ਪਿੰਡ ਭੱਕੂ ਮਾਜਰਾ ਜ਼ਿਲ੍ਹਾ ਰੋਪੜ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੇ ਪਤੀ ਅਮਨਦੀਪ ਸਿੰਘ, ਸਹੁਰੇ ਅਜੀਤ ਸਿੰਘ ਅਤੇ ਸੱਸ ਕੁਲਦੀਪ ਕੌਰ ਵਾਸੀ ਪਿੰਡ ਤਾਲਾਪੁਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੀ ਲੜਕੀ ਮਨਪ੍ਰੀਤ ਕੌਰ ਦਾ ਸਾਲ 2020 ‘ਚ ਅਮਨਦੀਪ ਸਿੰਘ ਨਾਲ ਵਿਆਹ ਹੋਇਆ ਸੀ, ਜੋ ਕਿ ਪਹਿਲਾਂ ਲੁਧਿਆਣਾ ਵਿਖੇ ਰਹਿੰਦੇ ਸਨ। ਉਸ ਤੋਂ ਬਾਅਦ ਉਹ ਖਰੜ ਦੇ ਵੱਖ-ਵੱਖ ਖੇਤਰਾਂ ‘ਚ ਕਿਰਾਏ ਦੇ ਮਕਾਨਾਂ ‘ਚ ਰਹਿੰਦੇ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਲੜਕੀ ਨੂੰ ਸਹੁਰੇ ਪਰਿਵਾਰ ਵਲੋਂ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤੀ ਗਿਆ ਸੀ। ਉਨ੍ਹਾਂ ਵਲੋਂ ਕਈ ਵਾਰੀ ਸਮਝੌਤੇ ਤੋਂ ਬਾਅਦ ਆਪਣੀ ਧੀ ਨੂੰ ਸਹੁਰੇ ਘਰ ਤੋਰਿਆ ਗਿਆ ਸੀ, ਪਰ ਫਿਰ ਵੀ ਉਸ ਨੂੰ ਅਕਸਰ ਲੜਾਈ-ਝਗੜੇ ਸੰਬੰਧੀ ਫ਼ੋਨ ਆਉਂਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਉਨ੍ਹਾਂ ਦੇ ਭਰਾ ਸ਼ਮਿੰਦਰ ਸਿੰਘ ਅਤੇ ਉਨ੍ਹਾਂ ਦੀ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੱਸਿਆ ਕਿ ਅੱਜ ਵੀ ਮਨਪ੍ਰੀਤ ਕੌਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਉਹ 1 ਵਜੇ ਦੇ ਕਰੀਬ ਘਟਨਾ ਵਾਲੀ ਜਗ੍ਹਾ ਦੀ ਪਹੁੰਚੇ ਤਾਂ ਉਨ੍ਹਾਂ ਦੀ ਲੜਕੀ ਨੇ ਆਪਣੇ ਕਮਰੇ ‘ਚ ਬੈੱਡ ‘ਤੇ ਕੁਰਸੀ ਰੱਖ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲਗਾਇਆ ਹੋਇਆ ਸੀ। ਉਨ੍ਹਾਂ ਵਲੋਂ ਤੁਰੰਤ ਆਪਣੀ ਲੜਕੀ ਨੂੰ ਹੇਠ ਉਤਾਰ ਕੇ ਪ੍ਰਾਈਵੇਟ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਖਰੜ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਅਜਿਹਾ ਸਖ਼ਤ ਕਦਮ ਚੁੱਕਿਆ ਹੈ। ਮ੍ਰਿਤਕਾ ਦੇ ਪਰਿਵਾਰ ਵਲੋਂ ਅੱਜ ਪੁਲਿਸ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਲੜਕੀ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇ। ਪੁਲਿਸ ਨੇ ਇਸ ਮਾਮਲੇ ‘ਚ ਮ੍ਰਿਤਕਾ ਦੇ ਪਤੀ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕ੍ਰਿਪਾ ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ ਅਗਲੀ ਖ਼ਬਰ ਜ਼ੀਰਕਪੁਰ ਅਤੇ ਖਰੜ ’ਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।