02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇ ਮੁੱਦੇ ’ਤੇ ਨਿਗਮ ਸਦਨ ’ਚ ਘਮਸਾਣ

ਅਜੀਤ ਡੈਸਕ 01-08-2026
ਚੰਡੀਗੜ੍ਹ, 31 ਜੁਲਾਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਨਗਰ ਨਿਗਮ ਦੀ 363ਵੀਂ ਸਦਨ ਮੀਟਿੰਗ ਅੱਜ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਆਸੀ ਅਖਾੜਾ ਬਣ ਗਈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਖ਼ਤੀਆਂ ਲੈ ਕੇ ਮੇਅਰ ਦੇ ਸਾਹਮਣੇ ਵੈੱਲ ਵਿਚ ਪੁੱਜ ਗਏ ਅਤੇ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਣੀ ਦੇਣ ਦੀ ਮੰਗ ਕੀਤੀ। ਇਸ ਦੌਰਾਨ ਮੇਅਰ ਸੌਰਭ ਜੋਸ਼ੀ ਨੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰ ਇਸ ਮੁੱਦੇ ’ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਤੋਂ ਜਵਾਬ ਮੰਗਣ, ਕਿਉਂਕਿ ਚੋਣਾਂ ਦੌਰਾਨ ਕਾਂਗਰਸ ਤੇ ‘ਆਪ’ ਨੇ ਮਿਲ ਕੇ ਲੋਕਾਂ ਨਾਲ ਮੁਫ਼ਤ ਪਾਣੀ ਦੇਣ ਦਾ ਵਾਅਦਾ ਕੀਤਾ ਸੀ।
ਸਦਨ ਦੀ ਮੀਟਿੰਗ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਨਿਗਮ ਦੇ ਇਕ ਕਰਮਚਾਰੀ ਦੀ ਬੇਵਕਤੀ ਮੌਤ ’ਤੇ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਇਸ ਤੋਂ ਬਾਅਦ ਮੁਫ਼ਤ ਪਾਣੀ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਤਖ਼ਤੀਆਂ ਲੈ ਕੇ ਸਦਨ ਦੇ ਵਿਚਕਾਰ ਪੁੱਜ ਗਏ। ਇਸ ਦੌਰਾਨ ਸਦਨ ਵਿਚ ‘ਚੰਡੀਗੜ੍ਹ ਨੂੰ ਪਾਣੀ ਦਿਓ’ ਅਤੇ ‘ਚੰਡੀਗੜ੍ਹ ਨੂੰ ਜਵਾਬ ਦਿਓ’ ਦੇ ਨਾਅਰੇ ਗੂੰਜੇ। ਮੇਅਰ ਸੌਰਭ ਜੋਸ਼ੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਸਿਆਸੀ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ‘ਆਪ’ ਕਾਂਗਰਸ ਦੀ ‘ਬੀ ਟੀਮ’ ਵਜੋਂ ਕੰਮ ਕਰ ਰਹੀ ਹੈ ਅਤੇ ਕਾਂਗਰਸ ਤੋਂ ਕੋਈ ਸਵਾਲ ਨਹੀਂ ਪੁੱਛ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਨੁਕਸਾਨ ਹੋਵੇਗਾ ਤੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਵੀ ਪਾਰਟੀ ਦਾ ਸਫ਼ਾਇਆ ਹੋ ਜਾਵੇਗਾ। ਮੇਅਰ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਗਾਰੰਟੀ ਕਾਰਡ ਵਿਚ ਕੀਤੇ ਗਏ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਉਹ ਚੰਡੀਗੜ੍ਹ ਵਾਸੀਆਂ ਨੂੰ ਜਵਾਬ ਦੇਣ ਅਤੇ ਮੁਫ਼ਤ ਪਾਣੀ ਦੇਣ ਸਬੰਧੀ ਕੀਤਾ ਗਿਆ ਵਾਅਦਾ ਪੂਰਾ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਅਤੇ ਇਸ ਸਬੰਧੀ ਸਪੱਸ਼ਟਤਾ ਲਿਆਂਦੀ ਜਾਣੀ ਚਾਹੀਦੀ ਹੈ।
ਹਾਊਸ ਵਲੋਂ ਪਾਸ ਕੀਤੇ ਪ੍ਰਸਤਾਵ ਨੂੰ ਅਧਿਕਾਰੀ ਰੱਦ ਨਹੀਂ ਕਰ ਸਕਦੇ-ਕੌਂਸਲਰ ਗੁਰਪ੍ਰੀਤ ਸਿੰਘ ਗਾਬੀ
20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇ ਮੁੱਦੇ ’ਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਮੇਅਰ ਸੌਰਭ ਜੋਸ਼ੀ ਅਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਜਨਹਿਤ ਨਾਲ ਜੁੜੇ ਇਸ ਅਹਿਮ ਪ੍ਰਸਤਾਵ ਨੂੰ ਜਾਣਬੁੱਝ ਕੇ ਲਾਗੂ ਨਹੀਂ ਕੀਤਾ ਗਿਆ। ਗਾਬੀ ਨੇ ਕਿਹਾ ਕਿ ਸਾਲ 2024 ਦੀ ਸ਼ੁਰੂਆਤ ਵਿਚ ਨਗਰ ਨਿਗਮ ਹਾਊਸ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਮੌਜੂਦਗੀ ਵਿਚ ਸਰਬਸੰਮਤੀ ਨਾਲ ਸ਼ਹਿਰ ਵਾਸੀਆਂ ਨੂੰ ਹਰ ਮਹੀਨੇ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਸੀ। ਬਾਅਦ ’ਚ ਪ੍ਰਸ਼ਾਸਨ ਨੇ ਇੰਨੇ ਅਹਿਮ ਜਨਹਿਤ ਦੇ ਮੁੱਦੇ ਨੂੰ ਲਾਗੂ ਕਰਨ ਦੀ ਬਜਾਏ ਵਿੱਤ ਸਕੱਤਰ ਨੇ ਆਪਣੇ ਪੱਧਰ ’ਤੇ ਹੀ ਇਸ ਨੂੰ ਰੱਦ ਕਰ ਦਿੱਤਾ। ਗਾਬੀ ਨੇ ਕਿਹਾ ਕਿ ਨਗਰ ਨਿਗਮ ਹਾਊਸ ਵਲੋਂ ਪਾਸ ਕੀਤੇ ਕਿਸੇ ਵੀ ਪ੍ਰਸਤਾਵ ਨੂੰ ਰੱਦ ਕਰਨ ਦਾ ਅਧਿਕਾਰ ਸਿਰਫ਼ ਹਾਊਸ ਕੋਲ ਹੈ, ਕਿਸੇ ਅਧਿਕਾਰੀ ਕੋਲ ਨਹੀਂ।
ਮੇਅਰ ਦਾ ਟੁੱਟਿਆ ਸਬਰ, ਕਿਹਾ ‘ਤੁਹਾਡੇ ਮੁਤਾਬਕ ਨਹੀਂ ਚੱਲੇਗਾ ਸਦਨ’
ਨਗਰ ਨਿਗਮ ਸਦਨ ਦੀ ਬੈਠਕ ਵਿਚ ਵਿਕਾਸ ਕਾਰਜਾਂ ਨਾਲ ਸਬੰਧਤ ਪ੍ਰਸਤਾਵਾਂ ’ਤੇ ਚਰਚਾ ਸ਼ੁਰੂ ਨਾ ਹੋਣ ਕਾਰਨ ਮੇਅਰ ਸੌਰਭ ਜੋਸ਼ੀ ਦਾ ਸਬਰ ਟੁੱਟਦਾ ਨਜ਼ਰ ਆਇਆ। ਮੇਅਰ ਨੇ ਸਖ਼ਤ ਲਹਿਜ਼ੇ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਬੈਠਕ ਮੁਲਤਵੀ ਕਰਨੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸਵੇਰੇ 11 ਵਜੇ ਤੋਂ ਹਰ ਕੌਂਸਲਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਵਿਕਾਸ ਦਾ ਇੱਕ ਵੀ ਏਜੰਡਾ ਚਰਚਾ ਲਈ ਨਹੀਂ ਆ ਸਕਿਆ। ਮੇਅਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ‘ਸਦਨ ਤੁਹਾਡੇ ਮੁਤਾਬਕ ਨਹੀਂ ਚੱਲੇਗਾ’। ਇਸ ਦੌਰਾਨ ਕੌਂਸਲਰ ਜਸਵਿੰਦਰ ਕੌਰ ਵਲੋਂ ਵਿਚਕਾਰ ਟੋਕਣ ’ਤੇ ਮੇਅਰ ਦੀ ਉਸ ਨਾਲ ਤਿੱਖੀ ਬਹਿਸ ਵੀ ਹੋਈ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਕਿਹਾ ਕਿ ਅੱਗੇ ਵੀ ਹਰ ਕੌਂਸਲਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਉੱਧਰ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਨੱਵਰ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਗਾਬੀ ਨੂੰ ਵਿਰੋਧੀ ਧਿਰ ਦਾ ਨਵਾਂ ਨੇਤਾ ਐਲਾਨਿਆ ਗਿਆ। ਇਸ ਨਾਲ ਕਾਂਗਰਸ ਨਗਰ ਨਿਗਮ ਸਦਨ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ।ਵਿਰੋਧੀ ਧਿਰ ਦੇ ਨੇਤਾ ਗੁਰਪ੍ਰੀਤ ਸਿੰਘ ਗਾਬੀ ਨੇ ਦੋਸ਼ ਲਗਾਇਆ ਕਿ ਕੂੜਾ ਚੁੱਕਣ ਵਾਲੇ ਕਰਮਚਾਰੀ ਲੋਕਾਂ ਤੋਂ ਪੈਸੇ ਵੀ ਵਸੂਲਦੇ ਹਨ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਵੀ ਕਰਦੇ ਹਨ। ਹਾਊਸ ਮੀਟਿੰਗ ਦੌਰਾਨ ਭਾਜਪਾ ਕੌਂਸਲਰ ਕੰਵਰ ਰਾਣਾ ਨੇ ਨਿਗਮ ਅਧਿਕਾਰੀਆਂ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬੁੜੈਲ ਸਮੇਤ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਰਸਾਤੀ ਪਾਣੀ ਭਰ ਜਾਣ ਦੀ ਸਥਿਤੀ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਸਦਨ ਵਿਚ ਠੋਸ ਕੂੜਾ ਪ੍ਰਬੰਧਨ (ਐਸ.ਡਬਲਯੂ.ਐਮ.) ਉਪ-ਨਿਯਮ ਵੀ ਪੇਸ਼ ਕੀਤੇ ਗਏ। ਇਨ੍ਹਾਂ ਤਹਿਤ ਘਰਾਂ ਤੋਂ ਲੈ ਕੇ ਹੋਟਲਾਂ ਤੱਕ ਯੂਜ਼ਰ ਫ਼ੀਸ ਵਿਚ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਟੀਟੀ ਵਾਟਰ ਪ੍ਰੋਜੈਕਟ ਦੀ ਸਟੇਟਸ ਰਿਪੋਰਟ ਸਦਨ ’ਚ ਪੇਸ਼ ਕਰਨ ਦੀ ਕੀਤੀ ਮੰਗ
ਨਿਗਮ ਮੀਟਿੰਗ ਦੌਰਾਨ ਸਾਬਕਾ ਮੇਅਰ ਅਤੇ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਟੀਟੀ ਵਾਟਰ ਪ੍ਰੋਜੈਕਟ ਦੀ ਸਟੇਟਸ ਰਿਪੋਰਟ ਸਦਨ ਵਿਚ ਪੇਸ਼ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੇਅਰ ਕਾਰਜਕਾਲ ਦੌਰਾਨ ਇਸ ਪ੍ਰੋਜੈਕਟ ਨੂੰ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਹ ਪ੍ਰੋਜੈਕਟ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਬਬਲਾ ਨੇ ਕਿਹਾ ਕਿ ਟੀਟੀ ਵਾਟਰ ਪ੍ਰੋਜੈਕਟ ਸ਼ਹਿਰ ਵਾਸੀਆਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਅਤੇ ਇਸ ਵਿਚ ਹੋ ਰਹੀ ਦੇਰੀ ਸਬੰਧੀ ਨਿਗਮ ਪ੍ਰਸ਼ਾਸਨ ਨੂੰ ਸਪੱਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਪੂਰਾ ਕਰਨ ਦੀ ਨਿਸ਼ਚਿਤ ਸਮਾਂ-ਸੀਮਾ ਤੈਅ ਕਰਨ ਦੀ ਵੀ ਮੰਗ ਕੀਤੀ। ਇਸ ਸਬੰਧੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ. ਇੰਦਰਜੀਤ ਸਿੰਘ ਨੇ ਸਦਨ ਨੂੰ ਦੱਸਿਆ ਕਿ ਉਕਤ ਪ੍ਰੋਜੈਕਟ ਨਾਲ ਸਬੰਧਤ ਫਾਈਲ ਮਨਜ਼ੂਰੀ ਲਈ ਵਿੱਤ ਸਕੱਤਰ ਨੂੰ ਭੇਜੀ ਗਈ ਹੈ।
ਸੀ.ਸੀ.ਟੀਵੀ ਕੈਮਰਿਆਂ ’ਤੇ 82 ਲੱਖ ਖ਼ਰਚ, ਪਰ ਵੇਰਵਾ ਦੇਣ ਤੋਂ ਕਤਰਾ ਰਹੇ ਨਿਗਮ ਅਧਿਕਾਰੀ- ਨਗਰ ਨਿਗਮ ਦੇ ਇਕ ਵਾਰਡ ਵਿਚ ਸੀ.ਸੀ.ਟੀਵੀ ਕੈਮਰੇ ਲਗਾਉਣ ’ਤੇ 82 ਲੱਖ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਇਸ ਰਕਮ ਦਾ ਵਿਸਥਾਰਤ ਵੇਰਵਾ ਨਿਗਮ ਅਧਿਕਾਰੀ ਪੇਸ਼ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਦੇ ਕੌਂਸਲਰ ਰਾਮ ਚੰਦਰ ਯਾਦਵ ਵਲੋਂ ਖ਼ਰਚੇ ਦਾ ਪੂਰਾ ਹਿਸਾਬ ਮੰਗੇ ਜਾਣ ’ਤੇ ਅਧਿਕਾਰੀਆਂ ਦੇ ਬੇਜਵਾਬ ਰਹਿਣ ਕਾਰਨ ਮਾਮਲਾ ਗਰਮਾ ਗਿਆ। ਨਿਗਮ ਕਮਿਸ਼ਨਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਝਾੜ ਪਾਈ ਅਤੇ 7 ਦਿਨਾਂ ਦੇ ਅੰਦਰ ਪੂਰਾ ਵੇਰਵਾ ਅਤੇ ਲਿਖ਼ਤੀ ਜਵਾਬ ਪੇਸ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਸੇ ਦੌਰਾਨ ਮੇਅਰ ਨੇ ਸਬੰਧਿਤ ਠੇਕੇਦਾਰ ਦਾ ਟੈਂਡਰ ਰੱਦ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਮੇਅਰ ਸੌਰਭ ਜੌਸ਼ੀ ਨੇ ਮਾਮਲੇ ਸਬੰਧੀ ਸਖ਼ਤ ਰੁਖ਼ ਅਪਣਾਉਂਦਿਆਂ ਸਬੰਧਿਤ ਠੇਕੇਦਾਰ ਦਾ ਟੈਂਡਰ ਰੱਦ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਨਿਗਮ ਦੇ ਕੰਮਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਜਨਤਕ ਧਨ ਨਾਲ ਸਬੰਧਿਤ ਹਰ ਖ਼ਰਚ ਦਾ ਪੂਰਾ ਰਿਕਾਰਡ ਉਪਲਬਧ ਹੋਣਾ ਚਾਹੀਦਾ ਹੈ।
ਪਿਛਲੀ ਖ਼ਬਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੈਅ ਸਮੇਂ ਤੋਂ ਪਹਿਲਾਂ ਹੋਣਗੀਆਂ ਤੇ ਸਮੁੱਚੇ ਪੰਜਾਬੀਆਂ ਦੀ ਟੇਕ-ਭੁਪੇਸ਼ ਬਘੇਲ ਅਗਲੀ ਖ਼ਬਰ ਪੰਜਾਬ ਸਫਾਈ ਮਜ਼ਦੂਰ ਐਕਸ਼ਨ ਕਮੇਟੀ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।