02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਾਨਸਿਕ ਸਿਹਤ ਮਾਹਿਰਾਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦਿੱਤਾ ਹੁਲਾਰਾ, ਦੂਜੇ ਬੈਚ ਲਈ ਅਰਜ਼ੀਆਂ ਅਗਸਤ ਦੇ ਸ਼ੁਰੂ ’ਚ ਖੁੱਲ੍ਹਣਗੀਆਂ

ਅਜੀਤ ਡੈਸਕ 01-08-2026
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ)- ਨਸ਼ਿਆਂ ਦੀ ਲਤ ਨਾਲ ਨਜਿੱਠਣ ਲਈ ਸਮੁੱਚੀ ਪਹੁੰਚ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਪੰਜਾਬ ਸਰਕਾਰ ਨੇ ਫ਼ਰਵਰੀ 2026 ਵਿੱਚ ਨਸ਼ਿਆਂ ਵਿਰੁੱਧ ਦੇਸ਼ ਦੀ ਪਹਿਲੀ ਫੈਲੋਸ਼ਿਪ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਦੇ ਪਹਿਲੇ ਬੈਚ ਦੇ 13 ਫੈਲੋਜ਼ ਇਸ ਵੇਲੇ ਪੰਜਾਬ ਭਰ ਵਿਚ ਕੰਮ ਕਰ ਰਹੇ ਹਨ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।ਐਲ. ਐਮ. ਐਚ. ਪੀ. ਫੈਲੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਨੂੰ ਸਹਿਯੋਗ ਦੇ ਰਹੇ ਹਨ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਿਹਤ-ਕੇਂਦਰਿਤ ਅਤੇ ਭਾਈਚਾਰਕ ਪਹੁੰਚ ਨੂੰ ਮਜ਼ਬੂਤ ਕਰ ਰਹੇ ਹਨ। ਇਹ ਸੂਬੇ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਵੱਲ ਇਕ ਅਹਿਮ ਕਦਮ ਹੈ ਕਿ ਮੁੜ ਵਸੇਬਾ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਮੁੱਖ ਅਧਾਰ ਬਣਿਆ ਰਹੇ। ਹੁਣ ਪੰਜਾਬ ਸਰਕਾਰ ਇਸ ਪ੍ਰੋਗਰਾਮ ਦੇ ਦੂਜੇ ਬੈਚ ਦੇ 10 ਫੈਲੋਜ਼ ਅਤੇ 7 ਸੀਨੀਅਰ ਐਸੋਸੀਏਟ ਲਈ ਅਰਜ਼ੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਉਦੇਸ਼ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸਿਖਲਾਈ ਪ੍ਰਾਪਤ ਨੌਜਵਾਨ ਪੇਸ਼ੇਵਰਾਂ ਦਾ ਇਕ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਸੂਬੇ ਵਿੱਚ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਉਮੀਦ ਨੂੰ ਬਹਾਲ ਕਰਨ ਲਈ ਲੀਡਰਸ਼ਿਪ ਨੂੰ ਹਮਦਰਦੀ ਨਾਲ ਜੋੜਨ ‘ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ, “‘ਯੁੱਧ ਨਸ਼ਿਆਂ ਵਿਰੁੱਧ’ ਸਿਰਫ਼ ਨਸ਼ਿਆਂ ਖ਼ਿਲਾਫ਼ ਇੱਕ ਮੁਹਿੰਮ ਨਹੀਂ ਹੈ; ਇਹ ਪੰਜਾਬ ਦੀ ਜਵਾਨੀ ਨੂੰ ਵਾਪਸ ਮੋੜਨ ਅਤੇ ਸੰਭਾਲਣ ਦਾ ਇੱਕ ਅੰਦੋਲਨ ਹੈ। ਜਿੱਥੇ ਨਸ਼ਾ ਤਸਕਰਾਂ ਅਤੇ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਅਸੀਂ ਨਸ਼ੇ ਦੇ ਹਰੇਕ ਪੀੜਤ ਨੂੰ ਸਨਮਾਨਜਨਕ ਜ਼ਿੰਦਗੀ ਵੱਲ ਵਾਪਸ ਲਿਆਉਣ ਅਤੇ ਨੌਜਵਾਨਾਂ ਨੂੰ ਲਤ ਦੇ ਜਾਲ ਵਿੱਚ ਫਸਣ ਤੋਂ ਰੋਕਣ ਲਈ ਵੀ ਉੱਨੇ ਹੀ ਵਚਨਬੱਧ ਹਾਂ।” ਜ਼ਿਲ੍ਹਾ ਪੱਧਰ ’ਤੇ ਅਗਵਾਈ ਪ੍ਰਦਾਨ ਕਰਨ ਤੋਂ ਇਲਾਵਾ, ਐਲ.ਐਮ.ਐਚ.ਪੀ ਦੇ ਪਹਿਲੇ ਬੈਚ ਦੇ ਫੈਲੋਜ਼ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਦੇਣ, ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪ੍ਰਭਾਵਸ਼ਾਲੀ ਕਾਰਜ-ਪ੍ਰਣਾਲੀਆਂ ਨੂੰ ਸੰਸਥਾਗਤ ਰੂਪ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਦਾ ਪਹਿਲਾ ਬੈਚ ਸਮਾਜ ਦੇ ਨਸ਼ਿਆਂ ਦੀ ਵਰਤੋਂ ਅਤੇ ਲਤ ਨੂੰ ਸਮਝਣ ਅਤੇ ਉਸ ਪ੍ਰਤੀ ਪ੍ਰਤੀਕਿਰਿਆ ਦੇਣ ਦੇ ਤਰੀਕੇ ਵਿੱਚ ਵੱਡੀ ਤਬਦੀਲੀ ਲਿਆ ਰਿਹਾ ਹੈ। ਅਜਿਹਾ ਕਰਕੇ, ਪੰਜਾਬ ਆਪਣੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਕੇਂਦਰ ਵਿੱਚ ਮਾਨਸਿਕ ਸਿਹਤ ਨੂੰ ਸ਼ਾਮਲ ਕਰ ਰਿਹਾ ਹੈ।
ਆਟੋ ਦੀ ਟੱਕਰ ਨਾਲ ਬਾਈਕ ਸਵਾਰ ਨੌਜਵਾਨ ਦੀ ਮੌਤ, ਆਟੋ ਚਾਲਕ ਜ਼ਖਮੀਂ
ਚੰਡੀਗੜ੍ਹ, 31 ਜੁਲਾਈ (ਕਪਿਲ ਵਧਵਾ)- ਸਥਾਨਕ ਸੈਕਟਰ-17/18 ਲਾਈਟ ਪੁਆਇੰਟ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਸੈਕਟਰ-17 ਥਾਣਾ ਪੁਲਿਸ ਨੇ ਆਟੋ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281 ਅਤੇ 106(1) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-43ਬੀ ਸਥਿਤ ਸਰਵਹਿੱਤਕਾਰੀ ਸਕੂਲ ਦੇ ਸਰਵੈਂਟ ਰੂਮ ਵਿਚ ਰਹਿੰਦੇ ਅਨਿਕੇਤ ਸਿੰਘ ਨੇ ਦੱਸਿਆ ਕਿ ਸੈਕਟਰ-17/18 ਲਾਈਟ ਪੁਆਇੰਟ ਨੇੜੇ ਚੰਡੀਗੜ੍ਹ ਨੰਬਰ ਆਟੋ ਦੇ ਚਾਲਕ ਮਨੋਜ ਸ਼ਾਹ, ਵਾਸੀ ਪਿੰਡ ਬੜ ਮਾਜਰਾ, ਜ਼ਿਲ੍ਹਾ ਐੱਸ.ਏ.ਐੱਸ. ਨਗਰ, ਨੇ ਲਾਪਰਵਾਹੀ ਨਾਲ ਆਟੋ ਚਲਾਉਂਦੇ ਹੋਏ ਉਸਦੇ ਵੱਡੇ ਭਰਾ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਬਾਈਕ ਚਾਲਕ ਉਦੈ ਸਿੰਘ ਜੋ ਕਿ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ, ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.) ਸੈਕਟਰ-16, ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਇਸ ਹਾਦਸੇ ਵਿਚ ਆਟੋ ਚਾਲਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਕਿ ਪੀ. ਜੀ. ਆਈ. ਐਮ. ਈ. ਆਰ. ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਆਟੋ ਚਾਲਕ ਮਨੋਜ ਸ਼ਾਹ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ‘ਵੰਡਰਲੈਂਡ ਚੰਡੀਗੜ੍ਹ ਕਾਰਨੀਵਾਲ’ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਆਗਾਜ਼ ਅਗਲੀ ਖ਼ਬਰ ਜਿਮ ਦੇ ਬਾਹਰ ਹੋਏ ਝਗੜੇ ਦੌਰਾਨ ਭੱਜਦੇ ਹੋਏ ਨੌਜਵਾਨ ਦਾ ਪਿਸਤੌਲ ਹੇਠਾਂ ਡਿੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।