ਐੱਸ. ਏ. ਐੱਸ. ਨਗਰ, 6 ਅਗਸਤ (ਕਪਿਲ ਵਧਵਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁ. ਦੀ ਕਥਿਤ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਨੇ ਪੰਕਜ ਸ਼ਰਮਾ ਵਾਸੀ ਪਿੰਡ ਸੰਭਾਲਕੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316 (2), 318 (4), 336 (2), 336 (3), 336 (4) ਅਤੇ 340 (2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਰਿਕਾਰਡ ਅਨੁਸਾਰ ਇਹ ਕਾਰਵਾਈ ਚੰਡੀਗੜ੍ਹ ਦੇ ਸੈਕਟਰ-41 ਦੇ ਰਹਿਣ ਵਾਲੇ ਹਰੀਸ਼ ਸ਼ਰਮਾ ਅਤੇ ਪੁਲਿਸ ਕੰਪਲੈਕਸ ਸੈਕਟਰ-66 ਮੁਹਾਲੀ ਦੇ ਰਹਿਣ ਵਾਲੇ ਰਾਜੇਸ਼ ਸ਼ਰਮਾ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਪੰਕਜ ਸ਼ਰਮਾ ਅਤੇ ਉਸ ਦੀ ਪਤਨੀ ਵਲੋਂ ਆਪਣੇ ਪ੍ਰਭਾਵ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇਕ ਜੱਜ ਨਾਲ ਨਜ਼ਦੀਕੀ ਸੰਬੰਧ ਹੋਣ ਦਾ ਭਰੋਸਾ ਦੇ ਕੇ ਨੌਜਵਾਨਾਂ ਨੂੰ ਹਾਈਕੋਰਟ ਅਤੇ ਪੀ. ਜੀ. ਆਈ. ‘ਚ ਸੇਵਾਦਾਰ, ਐੱਮ. ਟੀ. ਐੱਸ., ਕਲਰਕ, ਡਰਾਈਵਰ ਅਤੇ ਹੋਰਨਾਂ ਅਸਾਮੀਆਂ ‘ਤੇ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਗਿਆ। ਸ਼ਿਕਾਇਤ ਮੁਤਾਬਿਕ ਮੁਲਜ਼ਮਾਂ ਵਲੋਂ ਇਕ ਉਮੀਦਵਾਰ ਤੋਂ ਨੌਕਰੀ ਦਿਵਾਉਣ ਲਈ 3.50 ਲੱਖ ਰੁ. ਦੀ ਮੰਗ ਕੀਤੀ ਗਈ ਸੀ, ਜਿਸ ‘ਚੋਂ 2 ਲੱਖ ਰੁ. ਐਡਵਾਂਸ ਅਤੇ ਬਾਕੀ 1.50 ਲੱਖ ਰੁ. ਨੌਕਰੀ ਮਿਲਣ ਤੋਂ ਬਾਅਦ ਦੇਣ ਦੀ ਗੱਲ ਕੀਤੀ ਗਈ ਸੀ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਮੁਲਜ਼ਮਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੀ. ਜੀ. ਆਈ. ਦੇ ਨਾਂਅ ‘ਤੇ ਕਥਿਤ ਤੌਰ ‘ਤੇ ਜਾਅਲੀ ਨਿਯੁਕਤੀ ਪੱਤਰ ਮੁਹੱਈਆ ਕਰਵਾਏ। ਡੀ. ਐੱਸ. ਪੀ. ਸਿਟੀ-2 ਦੀ ਜਾਂਚ ਰਿਪੋਰਟ ‘ਚ ਦਰਜ ਸ਼ਿਕਾਇਤ, ਬੈਂਕ ਲੈਣ-ਦੇਣ ਅਤੇ ਪੇਸ਼ ਕੀਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮੁੱਢਲੇ ਤੌਰ ‘ਤੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਐੱਸ. ਐੱਸ. ਪੀ. ਮੁਹਾਲੀ ਨੇ ਐੱਫ. ਆਈ. ਆਰ. ਦਰਜ ਕਰਕੇ ਵਿਸਥਾਰਪੂਰਵਕ ਜਾਂਚ ਕਰਨ ਦੇ ਹੁਕਮ ਦਿੱਤੇ, ਜਿਸ ਉਪਰੰਤ ਥਾਣਾ ਸੋਹਾਣਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਏ. ਐੱਸ. ਆਈ. ਬਲਬੀਰ ਸਿੰਘ ਨੂੰ ਸੌਂਪ ਦਿੱਤੀ ਹੈ। ਸ਼ਿਕਾਇਤਕਰਤਾਵਾਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਵਲੋਂ ਇਸ ਤਰੀਕੇ ਨਾਲ 17 ਤੋਂ 19 ਨੌਜਵਾਨਾਂ ਤੋਂ ਲਗਭਗ 45 ਤੋਂ 50 ਲੱਖ ਰੁ. ਠੱਗੇ ਗਏ ਹਨ। ਹਾਲਾਂਕਿ ਇਸ ਦਾਅਵੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਇਸ ਸੰਬੰਧੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋਈ।