ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਤੇ ਖੇਡਾਂ ਲਈ ਕਈ ਪਹਿਲਕਦਮੀਆਂ ਕੀਤੀਆਂ- ਪਰਮਿੰਦਰ ਗੋਲਡੀ
ਚੰਡੀਗੜ੍ਹ, 6 ਅਗਸਤ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਰਾਜ ਪੱਧਰੀ ਮੁਹਿੰਮ ਦਾ ਐਲਾਨ ਕੀਤਾ, ਜਿਸ ਦੀ ਸ਼ੁਰੂਆਤ 9 ਅਗਸਤ ਨੂੰ ਮੋਹਾਲੀ ਵਿਖੇ ਹੋਣ ਵਾਲੀ 5. 5 ਕਿਲੋਮੀਟਰ ਦੀ ਮੈਰਾਥਨ ਨਾਲ ਹੋਵੇਗੀ।
ਆ
ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਆਗੂ ਪਰਮਿੰਦਰ ਗੋਲਡੀ, ਮਨਜਿੰਦਰ ਸਿੰਘ ਲਾਲਪੁਰਾ ਅਤੇ ਵੀਰਦਵਿੰਦਰ ਸਿੰਘ ਬੱਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ
07-08-2026
ਚੰਡੀਗੜ੍ਹ, 6 ਅਗਸਤ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਰਾਜ ਪੱਧਰੀ ਮੁਹਿੰਮ ਦਾ ਐਲਾਨ ਕੀਤਾ, ਜਿਸ ਦੀ ਸ਼ੁਰੂਆਤ 9 ਅਗਸਤ ਨੂੰ ਮੋਹਾਲੀ ਵਿਖੇ ਹੋਣ ਵਾਲੀ 5.5 ਕਿਲੋਮੀਟਰ ਦੀ ਮੈਰਾਥਨ ਨਾਲ ਹੋਵੇਗੀ। ਇਹ ਮੈਰਾਥਨ ਸ਼੍ਰੀ ਅੰਬ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਨੌਜਵਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਅੱਜ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ, ‘ਆਪ’ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਯੂਥ ਵਿੰਗ ਦੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਬੱਲਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ‘ਰੰਗਲਾ ਪੰਜਾਬ’ ਦੀ ਸਿਰਜਣਾ ਵਿਚ ਯੋਗਦਾਨ ਪਾਉਣਾ ਹੈ। ਪਰਮਿੰਦਰ ਗੋਲਡੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਨੌਜਵਾਨਾਂ ਦੀ ਭਲਾਈ ਤੇ ਖੇਡਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿਚ 3,100 ਤੋਂ ਵੱਧ ਖੇਡ ਮੈਦਾਨ ਵਿਕਸਤ ਕੀਤੇ ਗਏ ਹਨ, ਇੰਡੋਰ ਤੇ ਆਊਟਡੋਰ ਜਿਮ ਸਥਾਪਿਤ ਕੀਤੇ ਗਏ ਹਨ ਅਤੇ ਜਲਦੀ ਹੀ ਪਿੰਡਾਂ ਵਿੱਚ ਖੇਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਇਸ ਮੌਕੇ ਬੋਲਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਨਾ ਕੇਵਲ ਸਰੀਰ ਨੂੰ ਮਜ਼ਬੂਤ ਕਰਦੀ ਹੈ, ਸਗੋਂ ਮਾਨਸਿਕ ਤੰਦਰੁਸਤੀ ਅਤੇ ਆਤਮ-ਵਿਸ਼ਵਾਸ ਵਿੱਚ ਵੀ ਵਾਧਾ ਕਰਦੀ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਪੰਜਾਬ ਦੀ ਸਿਰਜਣਾ ਲਈ ਨੌਜਵਾਨਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਮੈਦਾਨਾਂ ਅਤੇ ਖੇਡ ਗਤੀਵਿਧੀਆਂ ਵਿਚ ਜ਼ਿਆਦਾ ਸਮਾਂ ਬਿਤਾਉਣ, ਜਿਸ ਨਾਲ ਉਹ ਕੁਦਰਤੀ ਤੌਰ ‘ਤੇ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣਗੇ। ਯੂਥ ਵਿੰਗ ਦੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਬੱਲਾਂ ਨੇ ਦੱਸਿਆ ਕਿ ਇਹ ਮੈਰਾਥਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ, ਨਸ਼ਾ-ਮੁਕਤ ਪੰਜਾਬ ਦਾ ਸੁਨੇਹਾ ਦੇਣ ਦੇ ਯੂਥ ਵਿੰਗ ਦੇ ਵੱਡੇ ਮਿਸ਼ਨ ਦਾ ਹਿੱਸਾ ਹੈ। ਬੱਲਾਂ ਨੇ ਖੁਲਾਸਾ ਕੀਤਾ ਕਿ ਸਮਾਗਮ ਲਈ ਲਗਪਗ 3,000 ਭਾਗੀਦਾਰ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹਨ ਅਤੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਮੈਰਾਥਨ ਤੋਂ ਪਹਿਲਾਂ ਇਹ ਗਿਣਤੀ 5,000 ਤੋਂ ਪਾਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਪੇਸ਼ੇਵਰ ਅਥਲੀਟ ਤੇ ਫਿੱਟਨੈੱਸ ਪ੍ਰੇਮੀ ਦੋਵੇਂ ਹਿੱਸਾ ਲੈਣਗੇ, ਜਿਸ ਨਾਲ ਇਹ ਪਾਰਟੀ ਵੱਲੋਂ ਕਰਵਾਏ ਗਏ ਸਭ ਤੋਂ ਵੱਡੇ ਯੂਥ ਫਿੱਟਨੈੱਸ ਸਮਾਗਮਾਂ ਵਿੱਚੋਂ ਇੱਕ ਬਣ ਜਾਵੇਗਾ।