ਐੱਸ. ਏ. ਐੱਸ. ਨਗਰ, 1 ਸਤੰਬਰ (ਕਪਿਲ ਵਧਵਾ)- ਖੰਨਾ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਕਾਰਵਾਈ ਦੌਰਾਨ ਇਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੁਹਾਲੀ ਦੇ ਥਾਣਾ ਬਲੌਂਗੀ ਅਧੀਨ ਪੈਂਦੇ ਝਾਂਮਪੁਰ ਵਿਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਖੰਨਾ ਪੁਲਿਸ ਪਾਰਟੀ ਦੀ ਕਾਰਵਾਈ ਵਿਚ ਸਥਾਨਕ ਕੁੱਝ ਲੋਕਾਂ ਵਲੋਂ ਕਥਿਤ ਤੌਰ ’ਤੇ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਿਸ ਕਾਫ਼ਿਲੇ ’ਤੇ ਇੱਟਾਂ-ਰੋੜੇ ਵਰਸਾਉਣ ਦੇ ਵੀ ਦੋਸ਼ ਲੱਗੇ ਹਨ। ਜਿਸ ਮਾਮਲੇ ਸਬੰਧੀ ਥਾਣਾ ਬਲੌਂਗੀ ਪੁਲਿਸ ਨੇ ਖੰਨਾ ਪੁਲਿਸ ਦੇ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ ’ਤੇ ਬੀ.ਐੱਨ.ਐੱਸ. ਦੀਆਂ ਧਾਰਾਵਾਂ 263, 221, 132, 126(2) ਅਤੇ 324 ਤਹਿਤ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਥਾਣਾ ਦੋਰਾਹਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਵਪਾਰਕ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ ਹੋਣ ਸਬੰਧੀ ਦਰਜ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਸੰਜੇ ਨੂੰ ਗ੍ਰਿਫ਼ਤਾਰ ਕਰਨ ਲਈ ਮੰਗਲਵਾਰ ਨੂੰ ਖੰਨਾ ਪੁਲਿਸ ਦੀ ਟੀਮ ਬਲੌਂਗੀ ਇਲਾਕੇ ਵਿਚ ਪੁੱਜੀ ਸੀ। ਦੋਸ਼ ਹੈ ਕਿ ਇਸ ਦੌਰਾਨ ਕੁੱਝ ਲੋਕਾਂ ਨੇ ਪੁਲਿਸ ਦੀ ਕਾਰਵਾਈ ਵਿਚ ਦਖ਼ਲ ਦੇ ਕੇ ਮੁਲਜ਼ਮ ਨੂੰ ਕਾਬੂ ਕਰਨ ਵਿਚ ਰੁਕਾਵਟ ਪਾਈ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਦੇ ਸਰਕਾਰੀ ਵਾਹਨ ’ਤੇ ਇੱਟਾਂ-ਰੋੜੇ ਸੁੱਟੇ ਗਏ। ਥਾਣਾ ਬਲੌਂਗੀ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਹੈ, ਹਾਲਾਂਕਿ ਇਸ ਸਬੰਧੀ ਪੁਲਿਸ ਵਲੋਂ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਕੁੱਝ ਦਿਨ ਪਹਿਲਾਂ ਵੀ ਖੰਨਾ ਪੁਲਿਸ ਦੇ ਹੱਥੋਂ ਖਿਸਕ ਗਿਆ ਸੀ ਮੁਲਜ਼ਮ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ-38 ਵਿਚ ਵੀ ਐੱਨ.ਡੀ.ਪੀ.ਐੱਸ. ਐਕਟ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਖੰਨਾ ਪੁਲਿਸ ਦੀ ਕਾਰਵਾਈ ਦੌਰਾਨ ਮੁਲਜ਼ਮ ਪੁਲਿਸ ਦੇ ਹੱਥੋਂ ਖਿਸਕ ਗਿਆ ਸੀ। ਮੁਲਜ਼ਮ ਦੀ ਪਛਾਣ ਦੀਪਕ ਥਾਪਾ ਵਜੋਂ ਹੋਈ। ਇਸ ਸਬੰਧੀ ਵੀ ਸਥਾਨਕ ਥਾਣਾ ਮਲੋਆ ਦੀ ਪੁਲਿਸ ਵਲੋਂ ਐੱਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।