26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਾਲੇ ’ਤੇ ਸ਼ੈੱਡ ਬਣਾ ਕੇ 20 ਜੰਗਲੀ ਸੂਰ ਰੱਖਣ ਵਾਲੇ ਮੀਟ ਸ਼ਾਪ ਮਾਲਕ ਤੇ ਵਰਕਰ ਨੂੰ 2-2 ਸਾਲਾਂ ਦੀ ਕੈਦ ਤੇ 10-10 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ

ਐੱਸ. ਏ.

ਅਜੀਤ ਡੈਸਕ 26-09-2026
ਐੱਸ. ਏ. ਐੱਸ. ਨਗਰ, 25 ਸਤੰਬਰ (ਕਪਿਲ ਵਧਵਾ)-ਅੰਬ ਸਾਹਿਬ ਕਾਲੋਨੀ ਨੇੜੇ ਗੰਦੇ ਨਾਲੇ ‘ਤੇ ਬਣੇ ਸ਼ੈੱਡ ਵਿਚ 20 ਜੰਗਲੀ ਸੂਰਾਂ ਨੂੰ ਬੰਦ ਰੱਖਣ ਦੇ ਮਾਮਲੇ ਵਿਚ ਮੁਹਾਲੀ ਅਦਾਲਤ ਨੇ ਮੀਟ ਸ਼ਾਪ ਮਾਲਕ ਸੁਨੀਲ ਕੁਮਾਰ ਵਾਸੀ ਰਾਮ ਦਰਬਾਰ ਚੰਡੀਗੜ੍ਹ ਅਤੇ ਉਸ ਦੇ ਵਰਕਰ ਯੋਗਿੰਦਰ ਸਿੰਘ ਨੂੰ 2-2 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਪੂਨਮ ਕਸ਼ੱਯਪ ਦੀ ਅਦਾਲਤ ਨੇ ਦੋਵਾਂ ਨੂੰ ਵਾਈਲਡ ਲਾਈਫ਼ ਪ੍ਰੋਟੈਕਸ਼ਨ ਐਕਟ ਦੀ ਧਾਰਾ 51 ਤਹਿਤ ਦੋਸ਼ੀ ਕਰਾਰ ਦਿੰਦਿਆਂ 10-10 ਹਜ਼ਾਰ ਰੁ. ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਦੇ ਫ਼ੈਸਲੇ ਮਗਰੋਂ ਦੋਵਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਸ਼ੈੱਡ ਅੰਦਰੋਂ ਆ ਰਹੀਆਂ ਸਨ ਸੂਰਾਂ ਦੀਆਂ ਆਵਾਜ਼ਾਂ ਅਦਾਲਤੀ ਰਿਕਾਰਡ ਅਨੁਸਾਰ 7 ਮਈ 2024 ਨੂੰ ਵਾਈਲਡ ਲਾਈਫ਼ ਵਿਭਾਗ ਦੀ ਟੀਮ ਨੂੰ ਧਰਮਗੜ੍ਹ ਰੋਡ ਨੇੜੇ ਨਾਲੇ ‘ਤੇ ਬਣੇ ਇਕ ਸ਼ੈੱਡ ਵਿਚ ਜੰਗਲੀ ਸੂਰਾਂ ਦੇ ਬੰਦ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਟੀਮ ਜਦੋਂ ਮੌਕੇ ‘ਤੇ ਪੁੱਜੀ ਤਾਂ ਸ਼ੈੱਡ ਨੂੰ ਤਾਲਾ ਲੱਗਿਆ ਹੋਇਆ ਸੀ, ਜਦਕਿ ਅੰਦਰੋਂ ਸੂਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਬਾਅਦ ਵਿਚ ਸ਼ੈੱਡ ਮਾਲਕ ਸੁਨੀਲ ਕੁਮਾਰ ਅਤੇ ਉਸ ਦਾ ਵਰਕਰ ਯੋਗਿੰਦਰ ਸਿੰਘ ਮੌਕੇ ‘ਤੇ ਪੁੱਜੇ ਅਤੇ ਤਾਲਾ ਖੋਲ੍ਹਿਆ ਗਿਆ, ਉਪਰੰਤ ਅੰਦਰੋਂ 20 ਜ਼ਿੰਦਾ ਜੰਗਲੀ ਸੂਰ ਬਰਾਮਦ ਹੋਏ। ਵਿਭਾਗ ਅਨੁਸਾਰ ਸੁਨੀਲ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਰਾਮ ਦਰਬਾਰ ਵਿਖੇ ਮੀਟ ਦੀ ਦੁਕਾਨ ਚਲਾਉਂਦਾ ਹੈ ਅਤੇ ਰਾਜਸਥਾਨ ਤੋਂ ਜੰਗਲੀ ਸੂਰ ਲਿਆ ਕੇ ਉਨ੍ਹਾਂ ਦਾ ਮੀਟ ਵੇਚਦਾ ਹੈ। 16 ਜੰਗਲੀ ਸੂਰਾਂ ਦੀ ਹੋ ਗਈ ਸੀ ਮੌਤ ਵਾਈਲਡ ਲਾਈਫ਼ ਵਿਭਾਗ ਵਲੋਂ ਸ਼ੈੱਡ ‘ਚੋਂ ਬਰਾਮਦ ਸੂਰਾਂ ਨੂੰ ਪਹਿਲਾਂ ਸਿਸਵਾਂ ਰੈਸਕਿਊ ਸੈਂਟਰ ਵਿਖੇ ਲਿਜਾਇਆ ਗਿਆ ਸੀ, ਜਿਥੇ ਕਿ ਭੁੱਖ-ਪਿਆਸ ਅਤੇ ਕਮਜ਼ੋਰੀ ਕਾਰਨ 3 ਸੂਰਾਂ ਦੀ ਮੌਤ ਹੋ ਗਈ ਸੀ। ਬਾਅਦ ਵਿਚ ਬਾਕੀ 18 ਸੂਰਾਂ ਨੂੰ ਛੱਤਬੀੜ ਚਿੜੀਆਘਰ ਵਿਖੇ ਭੇਜਿਆ ਗਿਆ ਸੀ, ਜਿਥੇ ਕਿ ਇਲਾਜ ਦੌਰਾਨ 13 ਹੋਰਨਾਂ ਸੂਰਾਂ ਦੀ ਮੌਤ ਹੋ ਗਈ। ਮੈਡੀਕਲ ਰਿਪੋਰਟ ਵਿਚ ਇਨਫੈਕਸ਼ਨ ਅਤੇ ਸੈਪਟਿਕ ਸ਼ਾਕ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਸੀ। ਬਚੇ 4 ਸੂਰਾਂ ਨੂੰ ਅਦਾਲਤੀ ਮਨਜ਼ੂਰੀ ਮਗਰੋਂ ਵੀਡੀਓਗ੍ਰਾਫ਼ੀ ਕਰਵਾ ਕੇ ਸਿਸਵਾਂ ਦੇ ਜੰਗਲ ਵਿਚ ਛੱਡ ਦਿੱਤਾ ਗਿਆ ਸੀ। ਪੈਨ-ਡਰਾਈਵ ਦੀ ਵੀਡੀਓ ਨੂੰ ਅਦਾਲਤ ਨੇ ਮੰਨਿਆ ਸਬੂਤ ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਛਾਪੇਮਾਰੀ ਸਮੇਂ ਕੋਈ ਆਜ਼ਾਦ ਗਵਾਹ ਸ਼ਾਮਿਲ ਨਾ ਕਰਨ ਅਤੇ ਜ਼ਮੀਨ ਦੇ ਮਾਲਕ ਤੋਂ ਪੁੱਛਗਿੱਛ ਨਾ ਕਰਨ ਦੀ ਦਲੀਲ ਦਿੱਤੀ ਸੀ। ਇਸ ਦੇ ਉਲਟ ਵਾਈਲਡ ਲਾਈਫ਼ ਵਿਭਾਗ ਨੇ 32 ਜੀ. ਬੀ. ਦੀ ਪੈਨ-ਡਰਾਈਵ ਵਿਚ ਰਿਕਾਰਡ ਵੀਡੀਓ ਅਦਾਲਤ ਵਿਚ ਪੇਸ਼ ਕੀਤੀ ਸੀ। ਵੀਡੀਓ ਵਿਚ ਸੁਨੀਲ ਕੁਮਾਰ ਅਤੇ ਯੋਗਿੰਦਰ ਸਿੰਘ ਸ਼ੈੱਡ ਦਾ ਤਾਲਾ ਖੋਲ੍ਹਦੇ ਦਿਖਾਈ ਦਿੱਤੇ ਸਨ, ਜਿਸ ਤੋਂ ਬਾਅਦ ਅੰਦਰ 20 ਜ਼ਿੰਦਾ ਜੰਗਲੀ ਸੂਰ ਨਜ਼ਰ ਆਏ ਸਨ। ਅਦਾਲਤ ਨੇ ਵੀਡੀਓ ਸਮੇਤ ਹੋਰਨਾਂ ਸਬੂਤਾਂ ਦੇ ਆਧਾਰ ‘ਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।
ਪਿਛਲੀ ਖ਼ਬਰ ਸਕਾਰਪੀਓ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਦੋਵੇਂ ਚਾਲਕ ਜ਼ਖ਼ਮੀ ਅਗਲੀ ਖ਼ਬਰ ਪਿੰਡ ਪੜੌਲ ਵਿਖੇ ਆਪਸੀ ਰੰਜਿਸ਼ ਕਾਰਨ ਨੌਜਵਾਨ ’ਤੇ ਤਾਬੜਤੋੜ ਫਾਇਰਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।