29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੁੱਖ ਮੰਤਰੀ ਸਿਹਤ ਗਾਰੰਟੀ ਯੋਜਨਾ , ਸਿਹਤ ਕ੍ਰਾਂਤੀ ਨਹੀਂ , ਪੰਜਾਬੀਆਂ ਨਾਲ ਸਦੀ ਦੀ ਸਭ ਤੋਂ ਵੱਡੀ ਸਿਹਤ ਠੱਗੀ - ਰਵਨੀਤ ਸਿੰਘ ਬਿੱਟੂ

ਐੱਸ. ਏ.

ਮੁਹਾਲੀ ਦੇ ਇਕ ਵੱਡੇ ਨਿੱਜੀ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ। ਅਜੀਤ ਤਸਵੀਰ 29-09-2026
ਐੱਸ. ਏ. ਐੱਸ. ਨਗਰ, 28 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਮੁਹਾਲੀ ਦੇ 2 ਵੱਡੇ ਨਿੱਜੀ ਹਸਪਤਾਲਾਂ ਵਿਚ ਜਾ ਕੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਗਾਰੰਟੀ ਯੋਜਨਾ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰੋੜਾਂ ਰੁ. ਦੇ ਇਸ਼ਤਿਹਾਰਾਂ ਰਾਹੀਂ ਪੰਜਾਬੀਆਂ ਨੂੰ ਝੂਠੇ ਸੁਪਨੇ ਵੇਚੇ ਹਨ। ਉਨ੍ਹਾਂ ਕਿਹਾ ਕਿ ਇਹ ਸਿਹਤ ਕ੍ਰਾਂਤੀ ਨਹੀਂ ਸਗੋਂ ਸਿਹਤ ਦੇ ਨਾਮ ’ਤੇ ਪੰਜਾਬੀਆਂ ਨਾਲ ਸਦੀ ਦੀ ਸਭ ਤੋਂ ਵੱਡੀ ਸਿਹਤ ਠੱਗੀ ਹੈ, ਜਿਸ ਦਾ ਉਨ੍ਹਾਂ ਨੇ ਅੱਜ ਭਾਂਡਾ ਭੰਨਿਆ ਹੈ। ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਤੋਂ ਕਈ ਗੰਭੀਰ ਮਰੀਜ਼ਾਂ ਨੂੰ ਆਪਣੇ ਨਾਲ ਲੈ ਕੇ ਮੁਹਾਲੀ ਦੇ ਫੋਰਟਿਸ ਅਤੇ ਮੈਕਸ ਹਸਪਤਾਲ ਪਹੁੰਚੇ। ਇਨ੍ਹਾਂ ਸਾਰੇ ਮਰੀਜ਼ਾਂ ਕੋਲ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸਿਹਤ ਬੀਮਾ ਕਾਰਡ ਮੌਜੂਦ ਸਨ, ਪਰ ਦੋਵਾਂ ਵੱਡੇ ਹਸਪਤਾਲਾਂ ਦੇ ਪ੍ਰਬੰਧਕਾਂ ਨੇ ਕੈਸ਼ਲੈੱਸ ਇਲਾਜ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਯੋਜਨਾ ਤਹਿਤ ਇਥੇ ਇਲਾਜ ਸੰਭਵ ਨਹੀਂ ਹੈ। ਮਰੀਜ਼ਾਂ ਨੂੰ ਕਿਹਾ ਗਿਆ ਕਿ ਪਹਿਲਾਂ ਨਕਦ ਪੈਸਾ ਜਮਾਂ ਕਰਵਾਓ, ਫਿਰ ਇਲਾਜ ਹੋਵੇਗਾ। ਬਿੱਟੂ ਨੇ ਕਿਹਾ ਕਿ ਜਦੋਂ ਹਸਪਤਾਲ ਹੀ ਕਾਰਡ ਨੂੰ ਕਾਗ਼ਜ਼ ਦਾ ਟੁਕੜਾ ਸਮਝ ਰਹੇ ਹਨ ਤਾਂ ਫਿਰ 10 ਲੱਖ ਰੁ. ਦੇ ਮੁਫ਼ਤ ਇਲਾਜ ਦੇ ਦਾਅਵਿਆਂ ਦਾ ਕੀ ਮਤਲਬ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਦੇਸ਼ ਭਰ ਵਿਚ ਪ੍ਰਚਾਰ ਕੀਤਾ ਕਿ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁ. ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਸਰਕਾਰੀ ਅੰਕੜਿਆਂ ਵਿਚ 900 ਤੋਂ ਵੱਧ ਹਸਪਤਾਲ ਸੂਚੀਬੱਧ ਦੱਸੇ ਜਾਂਦੇ ਹਨ ਅਤੇ 2356 ਇਲਾਜ ਪੈਕੇਜਾਂ ਦਾ ਦਾਅਵਾ ਕੀਤਾ ਜਾਂਦਾ ਹੈ। ਪਰ ਸੱਚ ਇਹ ਹੈ ਕਿ ਸਰਕਾਰ ਨੇ ਹਸਪਤਾਲਾਂ ਦੇ ਕਰੋੜਾਂ ਰੁਪਏ ਦੇ ਬਕਾਏ ਰੋਕੇ ਹੋਏ ਹਨ, ਜਿਸ ਕਾਰਨ ਵੱਡੇ ਪ੍ਰਾਈਵੇਟ ਹਸਪਤਾਲ ਇਸ ਯੋਜਨਾ ਤੋਂ ਪਿੱਛੇ ਹਟ ਰਹੇ ਹਨ। ਮਰੀਜ਼ ਹਸਪਤਾਲਾਂ ਦੇ ਬਾਹਰ ਖੱਜਲ ਖੁਆਰ ਹੋ ਰਹੇ ਹਨ, ਆਪਣੇ ਬਿੱਲ ਘਟਾਉਣ ਲਈ ਹੱਥ ਜੋੜ ਰਹੇ ਹਨ ਅਤੇ ਲੱਖਾਂ ਰੁ. ਆਪਣੀ ਜੇਬ ਵਿਚੋਂ ਭਰਨ ਲਈ ਮਜ਼ਬੂਰ ਹਨ। ਰਵਨੀਤ ਬਿੱਟੂ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਮੁੱਖ ਮੰਤਰੀ ਇਹ ਦੱਸਣ ਕਿ ਜਿਥੇ ਉਨ੍ਹਾਂ ਦਾ ਖ਼ੁਦ ਇਲਾਜ ਹੁੰਦਾ ਹੈ, ਉਥੇ ਆਮ ਪੰਜਾਬੀ ਦਾ ਸਿਹਤ ਕਾਰਡ ਕਿਉਂ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਪਰਿਵਾਰ ਦਾ ਇਲਾਜ ਇਸੇ ਕਾਰਡ ’ਤੇ ਕਰਵਾ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹੁਣ ਤੱਕ ਇਸ ਯੋਜਨਾ ਤਹਿਤ ਕਿੰਨੇ ਮਰੀਜ਼ਾਂ ਦਾ ਪੂਰੀ ਤਰ੍ਹਾਂ ਕੈਸ਼ਲੈੱਸ ਇਲਾਜ ਹੋਇਆ ਹੈ ਅਤੇ ਇਸ ਦਾ ਪੂਰਾ ਅੰਕੜਾ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਹਤ ਵਿਵਸਥਾ ਦਾ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ। ਸਰਕਾਰ ਨੇ ਕੁੱਝ ਹਜ਼ਾਰ ਰੁਪਏ ਦੇ ਬੀਮਾ ਪ੍ਰੀਮੀਅਮ ’ਤੇ ਕਰੋੜਾਂ ਰੁ. ਦਾ ਪ੍ਰਚਾਰ ਕਰ ਦਿੱਤਾ, ਪਰ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਕਿਹੜੇ ਹਸਪਤਾਲਾਂ ਵਿਚ ਇਹ ਸਹੂਲਤ ਅਸਲ ਵਿਚ ਲਾਗੂ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਵ . ਜਗਦੇਵ ਸਿੰਘ ਨੂੰ ਵੱਖ - ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਖਰੜ ਦੇ ਬਿਜਲੀ ਦਫ਼ਤਰ ’ਚੋਂ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।