ਚੋਰੀ ਦੇ ਮਾਮਲੇ ’ਚ ਸਜ਼ਾ ਸੁਣਦਿਆਂ ਹੀ ਅਦਾਲਤ ਤੋਂ ਹੋਇਆ ਸੀ ਫ਼ਰਾਰ, 13 ਦਿਨਾਂ ਬਾਅਦ ਪੁਲਿਸ ਦੇ ਹੱਥੇ ਚੜ੍ਹਿਆ ਗੋਲਡੀ
ਡੇਰਾਬੱਸੀ, 2 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਚੋਰੀ ਦੇ ਇਕ ਪੁਰਾਣੇ ਮਾਮਲੇ ਵਿਚ ਦੋ ਮਹੀਨੇ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾਬੱਸੀ ਅਦਾਲਤ ਕੰਪਲੈਕਸ ਵਿਚੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਮੁਲਜ਼ਮ ਨੂੰ ਮੁਬਾਰਕਪੁਰ ਪੁਲਿਸ ਨੇ ਕਰੀਬ 13 ਦਿਨਾਂ ਬਾਅਦ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੋਲਡੀ ਪੁੱਤਰ ਰਾਮ ਸ਼ਰਨ, ਵਾਸੀ ਪੁਰਾਣੀ ਪਾਣੀ ਵਾਲੀ ਟੈਂਕੀ ਨੇੜੇ ਪੰਡਵਾਲਾ ਮੋੜ ਮੁਬਾਰਕਪੁਰ ਵਜੋਂ ਹੋਈ ਹੈ।
ਡੇਰਾਬੱਸੀ, 2 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਚੋਰੀ ਦੇ ਇਕ ਪੁਰਾਣੇ ਮਾਮਲੇ ਵਿਚ ਦੋ ਮਹੀਨੇ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾਬੱਸੀ ਅਦਾਲਤ ਕੰਪਲੈਕਸ ਵਿਚੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਮੁਲਜ਼ਮ ਨੂੰ ਮੁਬਾਰਕਪੁਰ ਪੁਲਿਸ ਨੇ ਕਰੀਬ 13 ਦਿਨਾਂ ਬਾਅਦ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੋਲਡੀ ਪੁੱਤਰ ਰਾਮ ਸ਼ਰਨ, ਵਾਸੀ ਪੁਰਾਣੀ ਪਾਣੀ ਵਾਲੀ ਟੈਂਕੀ ਨੇੜੇ ਪੰਡਵਾਲਾ ਮੋੜ ਮੁਬਾਰਕਪੁਰ ਵਜੋਂ ਹੋਈ ਹੈ। ਅਦਾਲਤ ਵਿਚ ਪੇਸ਼ ਕਰਨ ਉਪਰੰਤ ਉਸ ਨੂੰ ਨਿਆਂਇਕ ਹੁਕਮਾਂ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ। ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਗੋਲਡੀ ਖ਼ਿਲਾਫ਼ 4 ਜਨਵਰੀ 2021 ਨੂੰ ਮੁਕੱਦਮਾ ਨੰਬਰ 2 ਤਹਿਤ ਆਈ. ਪੀ. ਸੀ. ਦੀਆਂ ਧਾਰਾਵਾਂ 379 ਅਤੇ 411 ਅਧੀਨ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਵਿਚ 18 ਸਤੰਬਰ ਨੂੰ ਅਦਾਲਤ ਵਿਚ ਪੇਸ਼ੀ ਦੌਰਾਨ ਉਸ ਨੂੰ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਪੁਲਿਸ ਅਨੁਸਾਰ ਸਜ਼ਾ ਸੁਣਾਏ ਜਾਣ ਮਗਰੋਂ ਮੁਲਜ਼ਮ ਅਦਾਲਤ ਕੰਪਲੈਕਸ ਵਿਚੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ। ਘਟਨਾ ਤੋਂ ਬਾਅਦ ਉਸ ਦੀ ਭਾਲ ਲਈ ਪੁਲਿਸ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਜਦਕਿ ਅਦਾਲਤ ਵਲੋਂ ਵੀ ਉਸ ਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਚੌਕੀ ਇੰਚਾਰਜ ਨੇ ਦੱਸਿਆ ਕਿ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ 1 ਅਕਤੂਬਰ ਨੂੰ ਗੋਲਡੀ ਨੂੰ ਕਾਬੂ ਕਰ ਲਿਆ। ਉਸ ਨੂੰ 2 ਅਕਤੂਬਰ ਨੂੰ ਮੁੜ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤੀ ਹੁਕਮਾਂ ’ਤੇ ਉਸ ਨੂੰ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ।