ਐੱਸ. ਏ. ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਅਤੇ ਖੇਤਰੀ ਦਫ਼ਤਰਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਡੇਲੀਵੇਜ ਕਰਮਚਾਰੀਆਂ ਦੀਆਂ ਡਿਊਟੀਆਂ ਮਜ਼ਦੂਰੀ ਦੇ ਕੰਮਾਂ ਲਈ ਲਗਾਉਣ ਦਾ ਸੀਟੂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਬੋਰਡ ਦੇ ਚੇਅਰਮੈਨ ਅਤੇ ਹੋਰਨਾਂ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਉਪਰੋਕਤ ਦਿਹਾੜੀਦਾਰ ਕਾਮਿਆਂ ਨੂੰ ਮੁੜ ਪਹਿਲਾਂ ਵਾਲੀਆਂ ਡਿਊਟੀਆਂ ਤੇ ਲਗਾਏ ਜਾਣ ਦੀ ਮੰਗ ਕੀਤੀ ਹੈ। ਸੀਟੂ ਦੇ ਪ੍ਰੈੱਸ ਸਕੱਤਰ ਤੇਜਿੰਦਰ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਸਾਰਾ ਕੁਝ ਵਿਤਕਰੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਬਰਾਂਚਾਂ ਵਿਚ ਪਿਆ ਪੁਰਾਣਾ ਸਮਾਨ, ਲੋਹੇ ਦੀਆਂ ਰਾਡਾਂ, ਲੱਕੜ, ਫ਼ਰਨੀਚਰ, ਅਲਮਾਰੀਆਂ,ਟਾਇਰ ਅਤੇ ਹੋਰ ਭਾਰੀ ਸਮਾਨ ਨੂੰ ਇਕੱਠਾ ਕਰਵਾਉਣ ਅਤੇ ਸਫ਼ਾਈ ਕਰਵਾਉਣ ਦੇ ਕੰਮ ਕਰਨ ਲਈ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਅਜਿਹੇ ਭਾਰੇ ਕੰਮਾਂ ਲਈ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਮਹਿਲਾ ਕਮਿਸ਼ਨ ਤੋਂ ਵੀ ਇਸ ਮਾਮਲੇ ਵਿਚ ਦਖ਼ਲ ਦੀ ਮੰਗ ਕੀਤੀ।